ਮਲੇਰਕੋਟਲਾ, 1 ਜੁਲਾਈ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹੇ ਭਰ ’ਚ ਲੋਕ-ਪੁਲਿਸ ਸਾਂਝ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਮਜ਼ਬੂਤ ਬਣਾਉਣ ਦੇ ਮੰਤਵ ਨਾਲ ਕਰਵਾਏ ਗਏ ‘ਵਿਉਪਾਰੀ-ਪੁਲਿਸ ਮਿਲਣੀ ਪ੍ਰੋਗਰਾਮ ਤਹਿਤ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਗੁਰਮੀਤ ਸਿੰਘ ਨੇ 786 ਚੌਂਕ ਮਲੇਰਕੋਟਲਾ ਵਿਖੇ ਪੁੱਜਕੇ ਵਪਾਰੀਆਂ, ਦੁਕਾਨਦਾਰਾਂ, ਕਾਰੋਬਾਰੀਆਂ ਅਤੇ ਮੁਹੱਲਾ ਵਾਸੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਵਲੋਂ ਵਪਾਰੀਆਂ, ਕਾਰੋਬਾਰੀਆਂ ਅਤੇ ਇਲਾਕਾ ਵਾਸੀਆਂ ਨਾਲ ਖੁੱਲ੍ਹੇ ਦਿਲ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਉਠਾਏ ਗਏ ਵੱਖ-ਵੱਖ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣਿਆ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਪੁਲਿਸ ਵਿਉਪਾਰੀਆਂ ਦੀ ਸੁਰੱਖਿਆ, ਕਾਰੋਬਾਰਾਂ ਦੀ ਨਿਰਵਿਘਨ ਕਾਰਗੁਜ਼ਾਰੀ, ਟਰੈਫਿਕ ਸਮੱਸਿਆ, ਲੋਕਾਂ ਵਲੋਂ ਕੀਤੇ ਗਏ ਨਜ਼ਾਜਿਜ਼ ਕਬਜ਼ੇ ਅਤੇ ਸ਼ਹਿਰ ਵਿਚ ਸ਼ਾਂਤੀਪੂਰਨ ਮਾਹੌਲ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਅਪਰਾਧਿਕ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਪੁਲਿਸ ਵਲੋਂ ਨਿਯਮਿਤ ਗਸ਼ਤ, ਸੰਵੇਦਨਸ਼ੀਲ ਖੇਤਰਾਂ ਦੀ ਨਿਗਰਾਨੀ ਅਤੇ ਤੁਰੰਤ ਕਾਰਵਾਈ ਦੀ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਸਿਵਲ ਪ੍ਰਸਾਸ਼ਨ ਨਾਲ ਮਿਲ ਬੈਠਕੇ ਸਾਰੇ ਮਸਲਿਆਂ ਦਾ ਢੁੱਕਵਾਂ ਹੱਲ ਕੀਤਾ ਜਾਵੇਗਾ। ਇਸ ਮੌਕੇ ਗੁਰਮੀਤ ਸਿੰਘ ਜ਼ਿਲ੍ਹਾ ਪੁਲਿਸ ਮੁਖੀ ਮਲੇਰਕੋਟਲਾ ਤੋਂ ਇਲਾਵਾ ਮਾਨਵਜੀਤ ਸਿੰਘ ਸਿੱਧੂ ਡੀ.ਐੱਸ.ਪੀ. ਮਲੇਰਕੋਟਲਾ, ਪਹਿਲਵਾਨ ਸਤੀਸ਼ ਕੁਮਾਰ ਡੀ.ਐੱਸ.ਪੀ, ਜ਼ਿਲ੍ਹਾ ਟਰੇਡ ਵਿੰਗ ਦੇ ਚੇਅਰਪਰਸਨ ਆਜ਼ਮ ਦਾਰਾ, ਚੇਅਰਪਰਸਨ ਵਿਧਾਨ ਸਭਾ ਹਲਕਾ ਮਲੇਰਕੋਟਲਾ ਇਮਤਿਆਜ਼ ਅਲੀ, ਜ਼ਾਹਿਦ ਪੀਰ ਜੀ ਭਾਜਪਾ ਆਗੂ, ਰਸ਼ੀਦ ਮਲਿਕ, ਵਿੱਕੀ ਟਾਂਕ, ਇਦਰੀਸ ਬਖਸ਼ੀ, ਅਹਿਸਾਨ ਚੌਹਾਨ, ਨਈਅਰ ਜ਼ੁਬੈਰੀ, ਮੋਮਿਨ ਕੁਰੈਸ਼ੀ, ਅਬਦੁਲ ਸੱਤਾਰ ਮੁਸਾਫ਼ਿਰ, ਮੁਹੰਮਦ ਨਦੀਮ, ਮੁਹੰਮਦ ਅਜ਼ਹਰ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਵਾਸੀ ਮੌਜੂਦ ਸਨ।