ਸੁਨਾਮ ਊਧਮ ਸਿੰਘ ਵਾਲਾ, 2 ਜੁਲਾਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਇਕ ਪ੍ਰਵਾਸੀ ਪਰਿਵਾਰ ਦੇ ਗੁੰਮ ਹੋਏ ਚਾਰ ਚਾਰ ਸਾਲ ਦੇ ਦੋ ਜੁੜਵੇਂ ਬੱਚਿਆ ਨੂੰ ਸੁਨਾਮ ਪੁਲਿਸ ਵਲੋਂ ਦੋ ਘੰਟਿਆਂ ਵਿਚ ਲੱਭਕੇ ਦੇਣ ਲਈ ਜਿੱਥੇ ਪਰਿਵਾਰ ਵੱਲੋਂ ਸਥਾਨਕ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਉੱਥੇ ਹੀ ਹਰ ਪਾਸਿਉਂ ਪੁਲਿਸ ਦੀ ਚੰਗੀ ਕਾਰਗੁਜਾਰੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ।ਪੁਲਿਸ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ ਦੇ ਐਸ ਐਚ ਓ ਇੰਸਪੈਕਟਰ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਬੀਤੀ ਕੱਲ ਦੁਪਿਹਰ ਵੇਲੇ ਬਿਹਾਰ ਦੇ ਇਕ ਪ੍ਰਵਾਸੀ ਕੈਲਾਸ਼ ਰਾਏ ਦੇ ਚਾਰ ਚਾਰ ਸਾਲ ਦੇ ਦੋ ਜੁੜਵੇਂ ਬੱਚੇ ਲਵ ਕੁਮਾਰ ਅਤੇ ਕੁਸ਼ ਕੁਮਾਰ ਘਰ ਤੋਂ ਖੇਡਦੇ ਖੇਡਦੇ ਇਕੱਲੇ ਹੀ ਅਚਾਨਕ ਘਰ ਦੇ ਨੇੜੇ ਹੀ ਸੁਨਾਮ ਦੇ ਚੁਹੱਟਾ ਬਾਜ਼ਾਰ ਵਿਚ ਖਾਣ ਲਈ ਕੋਈ ਚੀਜ ਲੈਣ ਗਏ। ਇਸ ਦੌਰਾਨ ਜਦੋਂ ਦੁਕਾਨ ਮਾਲਕ ਆਪਣੀ ਦੁਕਾਨ ਚੋਂ ਅੰਦਰੋਂ ਕੋਈ ਚੀਜ ਲੈਣ ਗਿਆ ਤਾਂ ਬੱਚੇ ਉੱਥੋਂ ਇਕ ਦਮ ਹੀ ਚਲੇ ਗਏ ਪਰ ਘਰ ਵੀ ਨਹੀ ਪਹੁੰਚੇ।ਜਿਸ ਕਾਰਨ ਬੱਚਿਆਂ ਦੇ ਮਾਤਾ ਪਿਤਾ ਪ੍ਰੇਸ਼ਾਨ ਹੋ ਗਏ ਅਤੇ ਉਨ੍ਹਾਂ ਨੂੰ ਇੱਧਰ ਉੱਧਰ ਭਾਲਦੇ ਰਹੇ।ਜਦੋਂ ਪ੍ਰਵਾਸੀ ਪਰਿਵਾਰ ਨੂੰ ਬੱਚਿਆਂ ਦੀ ਕੋਈ ਉੱਘ-ਸੁੱਘ ਨਾਂ ਮਿਲੀ ਤਾਂ ਬੱਚਿਆਂ ਦੇ ਪਿਤਾ ਕੈਲਾਸ਼ ਰਾਏ ਨੇ ਸ਼ਾਮ ਲਗਭਗ 5:30 ਵਜੇ ਪੁਲਿਸ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ ਦੀ ਪੁਲਿਸ ਨੂੰ ਬੱਚਿਆਂ ਦੀ ਗੁੰਮਸ਼ੁਦਗੀ ਬਾਰੇ ਸੂਚਿਤ ਕੀਤਾ। ਐਸ.ਐਚ.ਓ. ਪੁਲਿਸ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ ਨੇ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਇਸ ਤੋਂ ਜਾਣੂ ਕਰਵਾਇਆ। ਸ੍ਰੀਮਤੀ ਰਵਜੋਤ ਕੌਰ ਗਰੇਵਾਲ ਐਸ.ਐਸ.ਪੀ. ਸੰਗਰੂਰ ਦੇ ਨਿਰਦੇਸ਼ਾਂ ‘ਤੇ ਹਰਵਿੰਦਰ ਸਿੰਘ ਖਹਿਰਾ ਡੀ.ਐਸ.ਪੀ. ਸੁਨਾਮ ਦੀ ਨਿਗਰਾਨੀ ਹੇਠ ਟੀਮਾਂ ਬਣਾਈਆਂ ਗਈਆਂ। ਥਾਣਾ ਸ਼ਹਿਰੀ ਸੁਨਾਮ ਅਤੇ ਚੌਕੀ ਅਨਾਜ ਮੰਡੀ ਸੁਨਾਮ ਪੁਲਿਸ ਦੀਆਂ ਟੀਮਾਂ ਤਕਨੀਕੀ ਅਤੇ ਮਨੁੱਖੀ ਖੁਫੀਆ ਜਾਣਕਾਰੀ ਜਰੀਏ 2 ਘੰਟਿਆਂ ਵਿਚ ਬੱਚਿਆਂ ਨੂੰ ਲੱਭਣ ਵਿੱਚ ਸਫਲ ਹੋ ਗਈਆਂ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ।