ਸੰਗਰੂਰ, 2 ਜੁਲਾਈ (ਸੁਖਵਿੰਦਰ ਸਿੰਘ ਫੁੱਲ)–ਮੌਨਸੂਨ ਦੇ ਅੱਜ ਪਹਿਲੇ ਮੀਂਹ ਨੇ ਸ਼ਹਿਰ ਵਿਚ ਜਲਥਲ ਕਰ ਦਿੱਤਾ। ਸਮਾਜ ਸੇਵੀ ਜਤਿੰਦਰ ਕਾਲੜਾ ਨੇ ਕਿਹਾ ਹੈ ਕਿ ਨਗਰ ਕੌਂਸਲ ਵਲੋਂ ਇਸ ਪਾਸੇ ਸਮੇਂ ਸਿਰ ਧਿਆਨ ਨਹੀਂ ਦਿੱਤਾ ਗਿਆ। ਨਾਲੇ ਦੀ ਸਫਾਈ ਅਤੇ ਸੀਵਰੇਜ ਪਾਇਪਾਂ ਦੀ ਸਫਾਈ ਬਹੁਤ ਦੇਰੀ ਨਾਲ ਸ਼ੁਰੂ ਹੋਈ ਹੈ। ਮੌਨਸੂਨ ਦਾ ਮੌਸਮ ਆਰੰਭ ਹੋ ਗਿਆ ਹੈ ਅਤੇ ਨਗਰ ਕੌਂਸਲ ਵਲੋਂ ਨਾਲੇ ਅਤੇ ਸੀਵਰੇਜ ਪਾਇਪਾਂ ਦੀ ਸਫਾਈ ਹੁਣ ਸ਼ੁਰੂ ਕੀਤੀ ਗਈ ਹੈ ਜੋ ਭਰਵੀਂ ਬਰਸਾਤ ਵੇਲੇ ਠੀਕ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ਮੌਨਸੂਨ ਦੇ ਪਹਿਲੇ ਮੀਂਹ ਨਾਲ ਹੀ ਬੱਸ ਸਟੈਂਡ ਕੋਲ ਪਾਣੀ ਖੜ੍ਹ ਗਿਆ ਅਤੇ ਇਸ ਤੋਂ ਬਾਅਦ ਹੋਣ ਵਾਲੀਆਂ ਬਰਸਾਤਾਂ ਦੌਰਾਨ ਕੀ ਹਾਲ ਹੋਵੇਗਾ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਨਾਲੇ ਅਤੇ ਸੀਵਰੇਜ ਦੀ ਸਫਾਈ ਸ਼ੁਰੂ ਹੋ ਚੁੱਕੀ ਹੈ ਅਤੇ ਜਲਦੀ ਹੀ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੀਵਰੇਜ ਦੀ ਸਫਾਈ ਲਈ ਟੈਂਡਰ ਕੱਢੇ ਗਏ ਸਨ ਜਿਨ੍ਹਾਂ ਵਿਚੋਂ 2 ਵੱਡੀਆਂ ਕੰਪਨੀਆਂ ਦੀ ਚੋਣ ਕੀਤੀ ਗਈ ਅਤੇ ਹੁਣ ਇਹ ਕੰਮ ਜੰਗੀ ਪੱਧਰ ਉੱਤੇ ਚੱਲ ਰਿਹਾ ਹੈ। ਉਨ੍ਹਾਂ ਮੰਨਿਆ ਕਿ ਟੈਂਡਰ ਪ੍ਰੀਕਿਆ ਵਿਚ ਦੇਰੀ ਹੋਣ ਨਾਲ ਸੀਵਰੇਜ ਦੀ ਸਫਾਈ ਦੇਰੀ ਨਾਲ ਸ਼ੁਰੂ ਹੋਈ ਹੈ ਪਰ ਨਾਲ ਹੀ ਕਿਹਾ ਕਿ ਇੱਕ ਹਫਤਾ ਪਹਿਲਾਂ ਸ਼ੁਰੂ ਹੋਈ ਇਸ ਸਫਾਈ ਸਦਕਾ ਇਹ ਮਸਲਾ ਕਾਫੀ ਹੱਦ ਤੱਕ ਹੱਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸ਼ਹਿਰ ਦੇ ਬਾਜ਼ਾਰਾਂ ਅਤੇ ਗਲੀਆਂ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਤੁਰੰਤ ਹੋ ਜਾਇਆ ਕਰੇਗੀ।