ਸੰਗਰੂਰ, 2 ਜੁਲਾਈ (ਧੀਰਜ ਪਸੋਰੀਆ) - ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵੱਲੋਂ ਸੂਬਾ ਪੱਧਰ ਤੇ ਕੀਤੇ ਗਏ ਫੈਸਲੇ ਅਨੁਸਾਰ ਇੱਕ ਤੋਂ 10 ਜੁਲਾਈ ਤੱਕ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸੇ ਲੜੀ ਤਹਿਤ ਸੰਗਰੂਰ ਦੇ ਹਜ਼ਾਰਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ 7 ਜੁਲਾਈ ਨੂੰ ਪਾਰਟੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਪੈਨਸ਼ਨਰ ਅਤੇ ਮੁਲਾਜ਼ਮ ਆਗੂ ਅਵਿਨਾਸ਼ ਸ਼ਰਮਾ, ਜਗਦੀਸ਼ ਸ਼ਰਮਾ, ਮਾਲਵਿੰਦਰ ਸਿੰਘ ਸੰਧੂ, ਰਾਜ ਕੁਮਾਰ ਅਰੋੜਾ, ਜਗਦੇਵ ਬਾਹੀਆ, ਗੁਰਪ੍ਰੀਤ ਸਿੰਘ ਮੰਗਵਾਲ, ਰਾਜਵੀਰ ਬਡਰੁੱਖਾਂ, ਗੁਰਪ੍ਰੀਤ ਕੌਰ, ਮੇਲਾ ਸਿੰਘ ਪੁੰਨਵਾਲ ਅਤੇ ਹਰਦੀਪ ਸਿੰਘ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਪਹਿਲਾਂ ਮਾਤਾ ਮੋਦੀ ਪਾਰਕ ਸੁਨਾਮ ਵਿਖੇ ਇਕੱਠੇ ਹੋਣਗੇ। ਫਿਰ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਨੀਤੀਆਂ ਖਿਲਾਫ ਰੋਹ ਭਰਪੂਰ ਰੋਸ ਪ੍ਰਦਰਸ਼ਨ ਕਰਦਿਆਂ ਕੈਬਨਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਮੁਲਾਜ਼ਮਾਂ ਦਾ ਰਹਿੰਦਾ 18 ਪ੍ਰਤੀਸ਼ਤ ਡੀਏ ਤੁਰੰਤ ਜਾਰੀ ਕਰੇ ,ਪੈਨਸ਼ਨਰਾਂ ਲਈ 2.59 ਦਾ ਗੁਣਾਕ ਲਾਗੂ ਕੀਤਾ ਜਾਵੇ, ਸਾਰੇ ਕੱਚੇ ਠੇਕਾ ਆਧਾਰਤ, ਇਨਸੈਂਟਿਵ ਮੁਲਾਜ਼ਮ ਰੈਗੂਲਰ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਤਨਖਾਹ ਕਮਿਸ਼ਨ ਦੀ ਮੁਕੰਮਲ ਰਿਪੋਰਟ ਸਮੇਤ ਏਸੀਪੀ ਲਾਗੂ ਕੀਤੀ ਜਾਵੇ, ਕੱਟੇ ਹੋਏ 37 ਕਿਸਮ ਦੇ ਭੱਤੇ ਬਹਾਲ ਕੀਤੇ ਜਾਣ, ਤਿੰਨ ਸਾਲਾ ਪ੍ਰਵੇਸ਼ਨ ਦੌਰਾਨ ਪੂਰੀ ਤਨਖਾਹ ਦਿੱਤੀ ਜਾਵੇ, ਪੰਜਾਬ ਦੇ ਤਨਖਾਹ ਸਕੇਲ ਲਾਗੂ ਕੀਤੇ ਜਾਣ ਅਤੇ ਵਿਕਾਸ ਟੈਕਸ ਦੇ ਨਾਂ ਤੇ ਲਿਆ ਜਾਂਦਾ 200 ਰੁਪਏ ਮਹੀਨਾ ਜਜੀਆ ਟੈਕਸ ਬੰਦ ਕੀਤਾ ਜਾਵੇ। ਖਾਲੀ ਪਈਆਂ ਪੋਸਟਾਂ ਤੇ ਰੈਗੂਲਰ ਭਰਤੀ ਕੀਤੀ ਜਾਵੇ। ਜੇਕਰ ਪੰਜਾਬ ਸਰਕਾਰ ਨੇ ਇਨਾਂ ਮੰਗਾਂ ਪ੍ਰਤੀ ਗੰਭੀਰਤਾ ਨਾ ਦਿਖਾਈ ਤਾਂ ਹਜ਼ਾਰਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ 17 ਜੁਲਾਈ ਨੂੰ ਮੁਹਾਲੀ ਵਿਖੇ ਸੂਬਾ ਪੱਧਰੀ ਰੈਲੀ ਕਰਕੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਫਕੀਰ ਸਿੰਘ ਟਿੱਬਾ, ਜਗਦੇਵ ਵਰਮਾ, ਸੁਰਿੰਦਰ ਬਾਲੀਆ, ਸੀਤਾ ਰਾਮ, ਜੈ ਸਿੰਘ, ਨਿਰਭੈ ਸਿੰਘ ਭੱਠਲ, ਅਜੋਦਿਆ ਪ੍ਰਸ਼ਾਦ, ਬਿੱਕਰ ਸਿੰਘ ਸੀਬੀਆ, ਜੀਵਨ ਸਿੰਘ,ਕਸਤੂਰੀ ਲਾਲ, ਕਰਨੈਲ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਮੌਜੂਦ ਸਨ।