ਖਨੌਰੀ, 8 ਜੁਲਾਈ (ਬਲਵਿੰਦਰ ਸਿੰਘ ਥਿੰਦ) - ਸਥਾਨਕ ਸ਼ਹਿਰ ਵਿਖੇ ਰਾਤ ਨੂੰ ਕਰੀਬ ਦੋ ਕੁ ਵਜੇ ਕਟਰ ਨਾਲ ਜ਼ਿੰਦਰੇ ਵੱਢਣ ਦੀ ਆਵਾਜ਼ ਸੁਣ ਕੇ ਗੁਆਂਢੀਆਂ ਵਲੋਂ ਉੱਠ ਕੇ “ਚੋਰ ਆ ਗਏ ਚੋਰ ਆ ਗਏ” ਦਾ ਰੌਲਾ ਪਾਏ ਜਾਣ ਉਪਰੰਤ ਜ਼ਿੰਦਰੇ ਵੱਢਣ ਵਾਲੇ ਵਿਅਕਤੀ ਰੌਲੇ ਪੈਣ ਉਪਰੰਤ ਭੱਜ ਜਾਣ ਅਤੇ ਸਵੇਰੇ ਇਹ ਮਾਮਲਾ ਆਪਸੀ ਜ਼ਾਇਦਾਦ ਦੇ ਰੌਲੇ ਦਾ ਸਾਹਮਣੇ ਆਇਆ ਜਦੋਂ ਪਤਾ ਲੱਗਾ ਕਿ ਇੱਕ ਧਿਰ ਵਲੋਂ ਦੁਕਾਨ ਤੇ ਪਹਿਲਾਂ ਲੱਗੇ ਜ਼ਿੰਦਰੇ ਰਾਤੀ ਕੱਟ ਕੇ ਆਪਣੇ ਜ਼ਿੰਦਰੇ ਲਗਾਏ ਗਏ ਹਨ ਅਤੇ ਲੋਕਾਂ ਵਲੋਂ ਰੌਲਾ ਪਾਏ ਜਾਣ ਤੇ ਉਹ ਭੱਜ ਗਏ ਹਨ। ਸਥਾਨਕ ਸ਼ਹਿਰ ਦੇ ਮੇਨ ਰੋਡ ‘ਤੇ ਸਥਿਤ ਸੂਦ ਸਾਈਕਲ ਵਾਲਿਆਂ ਦੀ ਦੁਕਾਨ ‘ਤੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਕਟਰ ਨਾਲ ਜ਼ਿੰਦਰੇ ਕੱਟ ਕੇ ਨਵੇਂ ਜਿੰਦੇ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਧਿਰ ਨੇ ਇਸ ਨੂੰ ਦੁਕਾਨ ‘ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਾਰ ਦਿੰਦਿਆਂ ਗੌਰਵ ਸੂਦ ਅਤੇ ਉਸ ਨਾਲ ਆਏ 10-15 ਵਿਅਕਤੀਆਂ ‘ਤੇ ਕਥਿਤ ਦੋਸ਼ ਲਗਾਏ ਹਨ। ਰਮੇਸ਼ ਚੰਦ ਪੁੱਤਰ ਟੇਕ ਚੰਦ ਅਤੇ ਅੰਜਲੀ ਸੂਦ ਪਤਨੀ ਡਿੰਪਲ ਸੂਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੀ ਰਾਤ ਕਰੀਬ 2 ਵਜੇ ਕੁਝ ਵਿਅਕਤੀਆਂ ਨੇ ਦੁਕਾਨ ਦੇ ਜ਼ਿੰਦਰੇ ਕਟਰ ਨਾਲ ਵੱਢ ਕੇ ਆਪਣੇ ਨਵੇਂ ਜਿੰਦੇ ਲਗਾ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦੁਕਾਨ ਤਿੰਨ ਭਰਾਵਾਂ ਦੀ ਸਾਂਝੀ ਜਾਇਦਾਦ ਹੈ, ਜਿਹੜੀ ਕਿ ਉਨ੍ਹਾਂ ਦੇ ਪਿਤਾ ਟੇਕ ਚੰਦ ਦੇ ਨਾਮ ‘ਤੇ ਸੀ। ਪਿਤਾ ਦੇ ਦਿਹਾਂਤ ਤੋਂ ਬਾਅਦ ਅਜੇ ਤੱਕ ਜ਼ਾਇਦਾਦ ਦੀ ਵੰਡ ਨਹੀਂ ਹੋਈ ਅਤੇ ਹੁਣ ਤੱਕ ਵੀ ਇਹ ਜ਼ਾਇਦਾਦ ਉਹਨਾਂ ਦੇ ਪਿਤਾ ਦੇ ਨਾਂਅ ਤੇ ਹੀ ਹੈ। ਰਮੇਸ਼ ਚੰਦ ਨੇ ਦੋਸ਼ ਲਾਇਆ ਕਿ ਕੁਝ ਸਮਾਂ ਪਹਿਲਾਂ ਉਸਦੇ ਛੋਟੇ ਭਰਾ ਸਤੀਸ਼ ਸੂਦ ਨੇ ਕੁਝ ਕਾਗਜ਼ਾਂ ‘ਤੇ ਉਸਦੇ ਦਸਤਖ਼ਤ ਕਰਵਾਏ ਸਨ, ਪਰ ਉਨ੍ਹਾਂ ਨੂੰ ਨਾ ਤਾਂ ਦੁਕਾਨ ਵੇਚਣ ਦੇ ਕੋਈ ਪੈਸੇ ਮਿਲੇ ਹਨ ਅਤੇ ਨਾ ਹੀ ਕੋਈ ਚੈੱਕ ਦਿੱਤਾ ਗਿਆ। ਉਨ੍ਹਾਂ ਦਾ ਦਾਅਵਾ ਹੈ ਕਿ ਸਤੀਸ਼ ਸੂਦ ਨੇ ਆਪਣੇ ਜਵਾਈ ਗੌਰਵ ਸੂਦ ਨਾਲ ਮਿਲ ਕੇ ਧੋਖੇ ਨਾਲ ਬਿਆਨਾ ਕਰਵਾ ਕੇ ਦੁਕਾਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਮੂਨਕ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਇਸ ਸਬੰਧੀ ਐਸ ਐਸ ਪੀ ਸੰਗਰੂਰ ਨੂੰ ਵੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗੌਰਵ ਸੂਦ ਨਾ ਤਾਂ ਅਦਾਲਤ ਵਿੱਚ ਪੇਸ਼ ਹੁੰਦਾ ਹੈ ਅਤੇ ਨਾ ਹੀ ਪੁਲਿਸ ਵਲੋਂ ਬੁਲਾਉਣ ‘ਤੇ ਆਉਂਦਾ ਹੈ। ਇਸ ਮਾਮਲੇ ਸਬੰਧੀ ਗੁਆਂਢੀ ਸੰਦੀਪ ਕੁਮਾਰ ਨੇ ਵੀ ਕਥਿਤ ਦੋਸ਼ ਲਾਇਆ ਕਿ ਮੋਨੂੰ ਸੂਦ ਨੇ ਉਸ ਨਾਲ 30 ਲੱਖ ਰੁਪਏ ਦੀ ਠੱਗੀ ਕੀਤੀ ਸੀ ਅਤੇ ਹੁਣ ਉਹ ਆਪਣੇ ਜੀਜੇ ਗੌਰਵ ਸੂਦ ਕੋਲ ਲੁਧਿਆਣਾ ਰਹਿ ਰਿਹਾ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਹੋਰ ਕਈ ਲੋਕ ਵੀ ਇਨ੍ਹਾਂ ਤੋਂ ਪ੍ਰਭਾਵਿਤ ਹੋਏ ਹਨ। ਪੱਤਰਕਾਰਾਂ ਵਲੋਂ ਪੁੱਛੇ ਜਾਣ ਕਿ ਜ਼ਿੰਦਰੇ ਵੱਢੇ ਜਾਣ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ, ਰਮੇਸ਼ ਚੰਦ ਨੇ ਕਿਹਾ ਕਿ ਉਹ ਹੁਣ ਇਸ ਸਬੰਧੀ ਪੁਲਿਸ ਥਾਣੇ ਜਾ ਰਹੇ ਹਨ।ਜਦੋਂ ਇਸ ਸਬੰਧੀ ਦੂਜੀ ਧਿਰ ਗੌਰਵ ਸੂਦ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਦੁਕਾਨ ਮੇਰੀ ਹੈ, ਜਿਸ ਦਾ ਮੈਂ ਕਾਬਜ ਹਾਂ ਅਤੇ ਕੋਰਟ ਵਲੋਂ ਵੀ ਮੇਰੇ ਹੱਕ ਵਿੱਚ ਸਟੇਅ ਹੈ। ਉਹਨੇ ਕਿਹਾ ਕਿ ਇਹ ਜ਼ਮੀਨ ਤਿੰਨ ਭਰਾਵਾਂ ਦੇ ਨਾਂਅ ਤੋਂ ਇਲਾਵਾ ਤੇ ਇੱਕ ਹੋਰ ਵਿਅਕਤੀ ਦੇ ਨਾਂਅ ਸੀ ਅਤੇ ਚਾਰਾਂ ਵਿਅਕਤੀਆਂ ਵਲੋਂ ਮੇਰੇ ਨਾਮ ਤੇ ਬਿਆਨਾ ਹੈ।