ਸੰਗਰੂਰ, 8 ਜੁਲਾਈ (ਸੁਖਵਿੰਦਰ ਸਿੰਘ ਫੁੱਲ) -ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਹੇਠ ਸੂਬੇ ਵਿੱਚ ਗੈਰ ਮਿਆਰੀ ਖਾਦਾਂ, ਕੀਟਨਾਸ਼ਕਾਂ ਅਤੇ ਹੋਰ ਖੇਤੀ ਆਦਾਨਾਂ ਦੀ ਵਿਕਰੀ ਵਿਰੁੱਧ ਵਿਸ਼ੇਸ਼ ਮੁਹਿੰਮ ਲਗਾਤਾਰ ਜਾਰੀ ਹੈ। ਡਾ. ਗੁਰਜੀਤ ਸਿੰਘ ਬਰਾੜ, ਡਾਇਰੈਕਟਰ ਖੇਤੀਬਾੜੀ, ਪੰਜਾਬ ਦੀ ਰਹਿਨੁਮਾਈ ਅਤੇ ਡਾ. ਨਰਿੰਦਰ ਸਿੰਘ ਬੈਨੀਪਾਲ, ਸੰਯੁਕਤ ਡਾਇਰੈਕਟਰ (ਪੌਦ ਸੁਰੱਖਿਆ), ਦੀ ਯੋਗ ਅਗਵਾਈ ਹੇਠ 26 ਜੂਨ 2026 ਨੂੰ ਸੰਗਰੂਰ ਅਤੇ ਮੋਗਾ ਜ਼ਿਲ੍ਹੇ ਵਿੱਚ ਵੱਖ-ਵੱਖ ਖਾਦ ਅਤੇ ਕੀਟਨਾਸ਼ਕ ਵਿਕਰੇਤਾਵਾਂ ਤੋਂ ਲਏ ਗਏ ਸੈਂਪਲਾਂ ਦੀ ਜਾਂਚ ਦੌਰਾਨ ਵੱਡੀਆਂ ਬੇਨਿਯਮੀਆਂ ਸਾਹਮਣੇ ਆਈਆਂ ਹਨ। ਵਿਭਾਗ ਵੱਲੋਂ ਜ਼ਿਲ੍ਹਾਂ ਸੰਗਰੂਰ ਵਿੱਚ ਲਏ ਗਏ ਕੁੱਲ 22 ਸੈਂਪਲਾਂ ਵਿੱਚੋਂ 17 ਜ਼ਿਲ੍ਹਾਂ ਸੰਗਰੂਰ ਵਿਖੇ ਗੈਰ ਮਿਆਰੀ ਪਾਏ ਗਏ ਹਨ, ਜਦਕਿ 2 ਸੈਂਪਲਾ ਦੀ ਜਾਂਚ ਰਿਪੋਰਟ ਹਾਲੇ ਬਾਕੀ ਹੈ ਅਤੇ ਜ਼ਿਲ੍ਹਾਂ ਮੋਗਾ ਅੰਦਰ ਕੁੱਲ ਲਏ 7 ਪੈਸਟੀਸਾਈਡਜ਼ ਸੈਂਪਲਾਂ ਵਿੱਚੋਂ 6 ਸੈਂਪਲ ਮੈਸ. ਬਾਬਾ ਭਾਨੇਵਾਲਾ ਪੈਸਟੀਸਾਈਡਜ਼, ਬੱਧਨੀ ਕਲਾਂ ਦੇ ਗੈਰ-ਮਿਆਰੀ ਪਾਏ ਗਏ। ਗੈਰ ਮਿਆਰੀ ਪਾਏ ਗਏ ਉਤਪਾਦਾਂ ਵਿੱਚ ਕੀਟਨਾਸ਼ਕਾਂ, ਰਸਾਇਣਕ ਖਾਦਾਂ ਅਤੇ ਜੈਵਿਕ ਖਾਦਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਸ਼ਾਮਲ ਹਨ। ਇਨ੍ਹਾਂ ਸੈਂਪਲਾਂ ਦੇ ਆਧਾਰ ‘ਤੇ ਸਬੰਧਤ ਫਰਮਾਂ ਵਿਰੁੱਧ ਇਨਸੈਕਟੀਸਾਈਡਜ਼ ਐਕਟ, 1968 ਅਤੇ ਰੂਲਜ਼, 1971 ਅਤੇ ਫਰਟੀਲਾਈਜ਼ਰ (ਕੰਟਰੋਲ) ਆਰਡਰ, 1985 ਅਤੇ ਜ਼ਰੂਰੀ ਵਸਤਾਂ ਐਕਟ, 1955 ਤਹਿਤ ਲਾਇਸੰਸ ਰੱਦ ਕਰਨ ਲਈ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿਨ੍ਹਾਂ ਸੈਂਪਲਾਂ ਦੀ ਰਿਪੋਰਟ ਹਾਲੇ ਬਾਕੀ ਹੈ, ਉਨ੍ਹਾਂ ਦੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਵਿਭਾਗ ਵੱਲੋਂ ਸੂਬੇ ਭਰ ਵਿੱਚ ਨਿਯਮਿਤ ਨਿਰੀਖਣ ਅਤੇ ਵਿਸ਼ੇਸ਼ ਚੈਕਿੰਗ ਮੁਹਿੰਮ ਜਾਰੀ ਹਨ। ਕਿਸੇ ਵੀ ਕਾਰਵਾਈ ਤੋਂ ਪਹਿਲਾਂ ਪੁਖ਼ਤਾ ਜਾਣਕਾਰੀ, ਰਿਕਾਰਡ ਦੀ ਜਾਂਚ ਅਤੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਯਕੀਨੀ ਬਣਾਈ ਜਾਂਦੀ ਹੈ ਅਤੇ ਇਨ੍ਹਾਂ ਚੈਕਿੰਗਾਂ ਨੂੰ ਕਰਨ ਤੋਂ ਪਹਿਲਾਂ ਸਾਰੀ ਜਾਣਕਾਰੀ ਇਕੱਠੀ ਕਰ ਲਈ ਗਈ ਸੀ ਅਤੇ ਇਹ ਪ੍ਰਕਿਰਿਆ ਕਾਫ਼ੀ ਦਿਨ ਪਹਿਲਾਂ ਤੋਂ ਸ਼ੁਰੂ ਕਰ ਦਿੱਤੀ ਗਈ ਸੀ ਤਾਂ ਜੋ ਪੁਖ਼ਤਾ ਸਬੂਤ ਇਕੱਠੇ ਕਰ ਲਏ ਜਾਣ ਅਤੇ ਚੈਕਿੰਗ ਵਿੱਚ ਸਫਲਤਾ ਪ੍ਰਾਪਤ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਧੋਖਾਧੜੀ ਕਰਨ ਵਾਲਿਆਂ ਅਤੇ ਗੈਰ ਮਿਆਰੀ ਖੇਤੀ ਆਦਾਨਾਂ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਭਵਿੱਖ ਵਿੱਚ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੀਜ, ਖਾਦ ਅਤੇ ਕੀਟਨਾਸ਼ਕ ਸਿਰਫ਼ ਲਾਇਸੈਂਸਸ਼ੁਦਾ ਵਿਕਰੇਤਾਵਾਂ ਤੋਂ ਹੀ ਖਰੀਦਣ, ਹਰ ਖਰੀਦ ਦਾ ਪੱਕਾ ਬਿੱਲ ਜ਼ਰੂਰ ਲੈਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਵਿਭਾਗ ਨੂੰ ਦੇਣ, ਤਾਂ ਜੋ ਸਮੇਂ ਸਿਰ ਕਾਰਵਾਈ ਕਰਕੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ। ਵਿਭਾਗ ਦੀ ਇਸ ਕਾਰਵਾਈ ਨਾਲ ਪੰਜਾਬ ਦੇ ਕਿਸਾਨਾਂ ਅਤੇ ਵਪਾਰੀਆਂ ਵਿੱਚ ਬਹੁਤ ਖੁਸ਼ੀ ਪਾਈ ਜਾ ਰਹੀ ਹੈ। ਕਿਉਂਕਿ ਸੋਸ਼ਲ ਮੀਡੀਆ ਰਾਹੀਂ ਕਾਫ਼ੀ ਬਲੌਗਰ ਪੈਸੇ ਲੈ ਕੇ ਕਿਸਾਨਾਂ ਨੂੰ ਸਸਤੇ ਭਾਅ ਤੇ ਘਟੀਆ ਕੀੜੇ ਮਾਰ ਦਵਾਈਆ ਦੀ ਮਸ਼ਹੂਰੀ ਕਰਦੇ ਹਨ। ਪਰੰਤੂ ਵਿਭਾਗ ਦੀ ਇਸ ਕਾਰਵਾਈ ਨੇ ਕਿਸਾਨਾਂ ਦੀ ਲੁੱਟ ਨੂੰ ਰੋਕਣ ਵਿੱਚ ਮੱਦਦ ਕੀਤੀ ਹੈ।