ਮਾਲੇਰਕੋਟਲਾ, 20 ਜੁਲਾਈ (ਮਨਜਿੰਦਰ ਸਿੰਘ ਸਰੌਦ)- ਬਲਾਕ ਸੰਮਤੀ ਮਾਲੇਰਕੋਟਲਾ ਦੇ ਸਾਬਕਾ ਚੇਅਰਮੈਨ ਡਾ. ਬਲਵੰਤ ਸਿੰਘ ਦੁੱਲਮਾਂ ਨੇ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੀਤੇ ਕੱਲ੍ਹ ਅਪਣੇ ਸੈਂਕੜੇ ਸਮਰੱਥਕਾਂ ਸਣੇ ਪੱਤਰਕਾਰ ਵਾਰਤਾ ਦੌਰਾਨ ਹਲਕਾ ਅਮਰਗੜ੍ਹ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਆਪਣੀ ਦਾਅਵੇਦਾਰੀ ਜਤਾਉਂਦਿਆਂ ਪਾਰਟੀ ਨੂੰ ਅਪੀਲ ਕੀਤੀ ਕਿ ਟਿਕਟ ਲੋਕਲ ਆਗੂ ਨੂੰ ਦਿੱਤੀ ਜਾਵੇ । ਸਾਬਕਾ ਚੇਅਰਮੈਨ ਦੁੱਲਮਾਂ ਨੇ ਹਲਕਾ ਅਮਰਗੜ੍ਹ ਤੋਂ ਟਿਕਟ ‘ਤੇ ਆਪਣੀ ਦਾਅਵੇਦਾਰੀ ਪੇਸ਼ ਕਰਨ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪਤਾ ਨੀ ਕਿਉਂ ਹਮੇਸ਼ਾ ਬਾਹਰੀ ਆਗੂਆਂ ਨੂੰ ਟਿਕਟ ਦੇ ਕੇ ਨਿਵਾਜਿਆ ਗਿਆ ਜਦਕਿ ਕਾਂਗਰਸੀ ਵਰਕਰਾਂ ਨੂੰ ਹਲਕੇ ਦਾ ਉਮੀਦਵਾਰ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਬਾਹਰੋਂ ਆਏ ਕਿਸੇ ਵੀ ਆਗੂ ਨੂੰ ਹਲਕੇ ਦੇ ਵਰਕਰਾਂ ਦੀਆਂ ਦੁੱਖ-ਤਕਲੀਫਾਂ ਨਾਲ ਕੋਈ ਵੀ ਸਰੋਕਾਰ ਨਹੀਂ ਹੁੰਦਾ । ਜੇਕਰ ਉਮੀਦਵਾਰ ਹਲਕੇ ਦਾ ਹੋਵੇਗਾ ਤਾਂ ਵਰਕਰ ਉਸ ਦੇ ਕੋਲ ਕਿਸੇ ਵੀ ਸਮੇਂ ਜਾ ਸਕਦੇ ਹਨ । ਚੇਅਰਮੈਨ ਦੁੱਲਮਾਂ ਨੇ ਕਾਂਗਰਸ ਦੀ ਟਿਕਟ ‘ਤੇ ਖੁਲ੍ਹੇਆਮ ਆਪਣਾ ਹੱਕ ਜਤਾਉਂਦਿਆਂ ਆਖਿਆ ਕਿ ਕਾਂਗਰਸ ਪਾਰਟੀ ਦੀ ਟਿਕਟ ‘ਤੇ ਬਾਹਰੀ ਉਮੀਦਵਾਰ ਦਾ ਕੋਈ ਵੀ ਹੱਕ ਨਹੀਂ ਹੈ । ਪੱਤਰਕਾਰ ਮਿਲਣੀ ਦੌਰਾਨ ਉਨ੍ਹਾਂ ਦੇ ਕਈ ਸਮਰਥਕਾਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਤੇ ਕਾਂਗਰਸ ਪਾਰਟੀ ਨੂੰ ਅਪੀਲ ਕੀਤੀ ਕਿ ਇਸ ਵਾਰ ਚੇਅਰਮੈਨ ਦੁੱਲਮਾਂ ਨੂੰ ਟਿਕਟ ਦਿੱਤੀ ਜਾਵੇ, ਕਿਉਂਕਿ ਉਹ ਵਰ੍ਹਿਆਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹਨ । ਜ਼ਿਕਰਯੋਗ ਹੈ ਕਿ 2007 ਤੋਂ 2012 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਰਾਜਕਾਲ ਸਮੇਂ ਡਾ. ਦੁੱਲਮਾਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਵੱਲੋਂ ਬਲਾਕ ਸੰਮਤੀ ਦੇ ਇੱਕਲੌਤੇ ਚੇਅਰਮੈਨ ਸਨ । ਇਸ ਮੌਕੇ ਸੀਨੀਅਰ ਆਗੂ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਹਥੋਆ, ਪਰਮਜੀਤ ਸਿੰਘ ਬਾਲੇਵਾਲ, ਜੰਗਦੀਨ ਬੇਗੋਵਾਲ, ਜਗਤਾਰ ਸਿੰਘ ਰੋਹਣੋ, ਯਾਦਵਿੰਦਰ ਸਿੰਘ ਭੂਮਸੀ, ਕਾਂਗਰਸੀ ਆਗੂ ਸੁਰਾਜ ਸਰੌਦ, ਸਾਬਕਾ ਸੰਮਤੀ ਮੈਂਬਰ ਸਤਨਾਮ ਸਿੰਘ, ਚੇਅਰਮੈਨ ਜਸਵਿੰਦਰ ਸਿੰਘ, ਸੀਨੀਅਰ ਆਗੂ ਬੇਅੰਤ ਸਿੰਘ ਬੇਗੋਵਾਲ, ਗੁਰਜੰਟ ਸਿੰਘ, ਪ੍ਰਧਾਨ ਹਾਕਮ ਸਿੰਘ, ਰਾਕੇਸ਼ ਗਰਗ ਆਦਿ ਹਾਜ਼ਰ ਸਨ।