ਮਾਲੇਰਕੋਟਲਾ, 27 ਜੁਲਾਈ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)- ਮਲੇਰਕੋਟਲਾ ਦੇ ਡੀ.ਸੀ. ਦਫ਼ਤਰ ਵਿਖੇ ਅੱਜ ਉਸ ਵੇਲੇ ਕਾਫੀ ਚਿਰ ਹੰਗਾਮਾ ਹੁੰਦਾ ਰਿਹਾ, ਜਦ ਇਕੱਠੇ ਹੋਏ ਬੀ.ਐਲ.ਓਜ. ਨੇ ਡੀ.ਸੀ. ਮਲੇਰਕੋਟਲਾ ਵਿਰਾਜ.ਐਸ.ਤਿੜਕੇ ਦੇ ਦਫ਼ਤਰ ਅੱਗੇ ਧਰਨਾ ਲਗਾ ਦਿੱਤਾ । ਧਰਨੇ ਦੌਰਾਨ ਇਕੱਠੇ ਹੋਏ ਬੀ.ਐਲ.ਓਜ. ਤੋਂ ਇਲਾਵਾ ਅਧਿਆਪਕ ਜਥੇਬੰਦੀ ਦੇ ਆਗੂ ਬਿਕਰਮਦੇਵ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੁਝ ਦਿਨ ਪਹਿਲਾਂ ਡੀ.ਸੀ. ਮਲੇਰਕੋਟਲਾ ਵੱਲੋਂ ਐਸ.ਆਈ.ਆਰ. ਸੰਬੰਧੀ ਸਾਡੇ ਇੱਕ ਬੀ.ਐਲ. ਓਜ. ਮੁਕੇਸ਼ ਢਾਂਡਾ ਨਾਲ ਮਾੜਾ ਵਿਵਹਾਰ ਕੀਤਾ ਗਿਆ । ਜਿਸ ਸੰਬੰਧੀ ਅੱਜ ਅਧਿਆਪਕ ਜਥੇਬੰਦੀ ਵੱਲੋਂ ਦਿੱਤੇ ਸੱਦੇ ਦੇ ਤਹਿਤ ਵੱਖ-ਵੱਖ ਥਾਵਾਂ ਤੋਂ ਇਕੱਠੇ ਹੋਏ ਬੀ.ਐਲ.ਓਜ. ਨੇ ਡੀ.ਸੀ. ਦਫਤਰ ਮਲੇਰਕੋਟਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ । ਧਰਨੇ ਦੌਰਾਨ ਜਥੇਬੰਦੀ ਵੱਲੋਂ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ । ਜਥੇਬੰਦੀ ਦੇ ਆਗੂਆਂ ਨੇ ਆਖਿਆ ਕਿ ਐਸ.ਆਈ.ਆਰ. ਦੇ ਤਹਿਤ ਕੀਤੇ ਜਾ ਰਹੇ ਕੰਮ ਦੇ ਦੌਰਾਨ ਅਸੀਂ ਤੇ ਸਾਡੇ ਪਰਿਵਾਰ ਬੁਰੀ ਤਰ੍ਹਾਂ ਤੰਗ ਆ ਚੁੱਕੇ ਹਾਂ ਤੇ ਸਾਨੂੰ ਰਾਤ ਤੱਕ ਕੰਮ ਕਰਨਾ ਪੈ ਰਿਹਾ ਹੈ ਪ੍ਰੰਤੂ ਸਬੰਧਤ ਅਧਿਕਾਰੀਆਂ ਵੱਲੋਂ ਸਾਡੇ ਨਾਲ ਵਧੀਆ ਵਿਵਹਾਰ ਨਹੀਂ ਕੀਤਾ ਜਾ ਰਿਹਾ, ਜਦਕਿ ਸਾਡੇ ਵੱਲੋਂ ਆਪਣਾ ਕੰਮ ਵੀ ਪੂਰੀ ਤਨਦੇਹੀ ਦੇ ਨਾਲ ਕੀਤਾ ਜਾ ਰਿਹਾ ਹੈ । ਲਗਾਤਾਰ ਕਈ ਘੰਟੇ ਡੀ.ਸੀ. ਦਫ਼ਤਰ ਮਲੇਰਕੋਟਲਾ ਵਿਖੇ ਇਸ ਮਸਲੇ ਨੂੰ ਸੁਲਝਾਉਣ ਦੇ ਲਈ ਕਸ਼ਮਕਸ਼ ਚਲਦੀ ਰਹੀ । ਕਾਂਗਰਸੀ ਆਗੂ ਸੁਮਿਤ ਸਿੰਘ ਮਾਨ ਨੇ ਵੀ ਰੋਸ ਧਰਨੇ ਨੂੰ ਸੰਬੋਧਨ ਕੀਤਾ । ਜਥੇਬੰਦੀ ਵੱਲੋਂ ਇਹ ਗੱਲ ਆਖੀ ਜਾ ਰਹੀ ਸੀ ਕਿ ਅਸੀਂ ਡੀ.ਸੀ. ਨੂੰ ਉਨ੍ਹਾਂ ਚਿਰ ਆਪਣੇ ਦਫਤਰ ਵਿੱਚੋਂ ਬਾਹਰ ਨਹੀਂ ਨਿਕਲਣ ਦੇਵਾਂਗੇ, ਜਿੰਨਾ ਚਿਰ ਉਹ ਸਾਡੀਆਂ ਮੰਗਾਂ ਨਹੀਂ ਮੰਨਦੇ । ਆਖਰ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਗੁਰਮੀਤ ਸਿੰਘ ਵੱਲੋਂ ਉੱਥੇ ਆ ਕੇ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਡੀ.ਸੀ. ਮਾਲੇਰਕੋਟਲਾ ਨਾਲ ਗੱਲਬਾਤ ਕਰਵਾਈ ਗਈ । ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਨਿਪਟਿਆ । ਜਥੇਬੰਦੀ ਦੇ ਆਗੂਆਂ ਨੇ ਆਖਿਆ ਕਿ ਉਹ ਇਸ ਸਰਤ ‘ਤੇ ਕੰਮ ਕਰਨ ਲਈ ਤਿਆਰ ਹਨ ਕਿ ਉਨ੍ਹਾਂ ਨੂੰ ਸੰਬੰਧਿਤ ਅਧਿਕਾਰੀਆਂ ਵੱਲੋਂ ਸਤਿਕਾਰ ਦਿੱਤਾ ਜਾਵੇ । ਗੱਲਬਾਤ ਤੋਂ ਬਾਅਦ ਜਥੇਬੰਦੀ ਨੇ ਧਰਨਾ ਚੁੱਕ ਦਿੱਤਾ । ਪੱਤਰਕਾਰਾਂ ਨੇ ਜਦ ਡੀ.ਸੀ. ਮਲੇਰਕੋਟਲਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ । ਕਈ ਘੰਟਿਆਂ ਦੀ ਲੰਬੀ ਗੱਲਬਾਤ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਦੀ ਬਦੌਲਤ ਇਹ ਸਾਰਾ ਮਾਮਲਾ ਸੁਲਝਿਆ । ਇਸ ਮੌਕੇ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਕਈ ਸਿਆਸੀ ਨੇਤਾਵਾਂ ਤੋਂ ਇਲਾਵਾ ਅਧਿਆਪਕ ਜਥੇਬੰਦੀਆਂ ਸਣੇ ਕਈ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ ।