ਫ਼ਿਰੋਜ਼ਪੁਰ, 31 ਦਸੰਬਰ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗ ਦਰਸ਼ਨ ਹੇਠ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੀ ਟੀਮ ਵਲੋਂ ਵੱਖ-ਵੱਖ ਹਿੱਸੇਦਾਰਾਂ ਨਾਲ ਲਗਾਤਾਰ ਕੀਤੀਆਂ ਗਈਆਂ ਮੀਟਿੰਗਾਂ ਦੇ ਨਤੀਜੇ ਵਜੋਂ ਮੰਡਲ ਨੂੰ ਇਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਹੋਈ ਹੈ | ਅੱਜ ਮਿਤੀ 31 ਦਸੰਬਰ 2025 ਨੂੰ ਫਿਲੌਰ ਸਥਿਤ ਕੌਨਕੋਰ ਟਰਮੀਨਲ ਤੋਂ ਕੁੱਲ 54 ਟੀ.ਈ.ਯੂ ਬਾਸਮਤੀ ਚਾਵਲ ਦੇ ਕੰਟੇਨਰਾਂ ਦੀ ਲੋਡਿੰਗ ਕੀਤੀ ਗਈ | ਇਹ ਰੈਕ ਪਹਿਲਾਂ ਤੁਗਲਕਾਬਾਦ ਪਹੁੰਚੇਗਾ, ਜਿੱਥੋਂ ਅੱਗੇ ਇਨ੍ਹਾਂ ਨੂੰ ਨਾਗਲਪੱਲੀ ਹੈਦਰਾਬਾਦ, ਟੋਂਡੀਆਰਪੇਟ ਚੇਨਈ ਅਤੇ ਕੋਲਕਾਤਾ ਭੇਜਿਆ ਜਾਵੇਗਾ | ਇਹ ਉਪਲਬਧੀ ਅੰਮਿ੍ਤਸਰ, ਤਰਨਤਾਰਨ ਅਤੇ ਫ਼ਿਰੋਜ਼ਪੁਰ ਖੇਤਰ ਦੇ ਬਾਸਮਤੀ ਲੋਡਰਾਂ, ਕੌਨਕੋਰ, ਨੀਰਜ ਜੈਨ, ਪੰਕਜ ਜੈਨ ਅਤੇ ਸ਼੍ਰੀ ਨਿਵਾਸ ਰੋਡਵੇਜ਼ ਨਾਲ ਨਿਰੰਤਰ ਤਾਲਮੇਲ ਰਾਹੀਂ ਸੰਭਵ ਹੋ ਸਕੀ ਹੈ | ਇਸ ਲੋਡਿੰਗ ਨਾਲ ਨਵੇਂ ਟਰੈਫ਼ਿਕ ਦੀ ਸਫਲ ਸਿਰਜਣਾ ਹੋਈ ਹੈ, ਜਿਸ ਦੇ ਫਲਸਰੂਪ ਨਾ ਸਿਰਫ਼ ਆਵਾਜਾਈ ਵਿਚ ਵਾਧਾ ਹੋਇਆ ਹੈ ਸਗੋਂ ਰੇਲਵੇ ਦੀ ਆਮਦਨ ਵਿਚ ਵੀ ਵਾਧਾ ਹੋਇਆ ਹੈ | ਰੇਲਵੇ ਵਲੋਂ ਕਿਫ਼ਾਇਤੀ ਸਮਾਂ-ਬੱਧ ਅਤੇ 'ਡੋਰ-ਟੂ-ਡੋਰ' ਸੇਵਾ ਮੁਹੱਈਆ ਕਰਵਾਉਣ ਕਾਰਨ ਵਪਾਰੀਆਂ ਦਾ ਵਿਸ਼ਵਾਸ ਜਿੱਤਿਆ ਗਿਆ ਹੈ, ਜਿਸ ਦੇ ਨਤੀਜੇ ਵਜੋਂ ਉਹ ਆਪਣੇ ਮਾਲ ਦੀ ਢੋਆ-ਢੁਆਈ ਲਈ ਸੜਕੀ ਮਾਰਗ ਦੀ ਬਜਾਏ ਰੇਲ ਮਾਰਗ ਵੱਲ ਆਕਰਸ਼ਿਤ ਹੋ ਰਹੇ ਹਨ | ਪਹਿਲਾਂ ਕੌਨਕੋਰ ਵਲੋਂ ਸੁਰਾਨੁੱਸੀ ਸਟੇਸ਼ਨ ਤੋਂ ਸਿਰਫ਼ ਐੱਫ.ਸੀ.ਆਈ ਅਨਾਜ ਦੀ ਘਰੇਲੂ ਲੋਡਿੰਗ ਕੀਤੀ ਜਾ ਰਹੀ ਸੀ, ਹੁਣ ਵੱਖ-ਵੱਖ ਵਸਤੂਆਂ ਦੀ ਵੀ ਢੋਆ-ਢੁਆਈ ਕੀਤੀ ਜਾ ਰਹੀ ਹੈ | ਇਸ ਲੋਡਿੰਗ ਨਾਲ ਲੰਬੀ ਦੂਰੀ ਦੇ ਟਰੈਫ਼ਿਕ ਦੀ ਵੀ ਸਿਰਜਣਾ ਹੋਈ ਹੈ | ਨੇੜਲੇ ਭਵਿੱਖ ਵਿਚ ਪੂਰਬੀ ਖੇਤਰ ਕੋਲਕਾਤਾ ਸਮੇਤ ਹੋਰਨਾਂ ਖੇਤਰਾਂ ਲਈ ਵੀ ਮੰਗ ਆਉਣ ਦੀ ਸੰਭਾਵਨਾ ਹੈ | ਫ਼ਿਰੋਜ਼ਪੁਰ ਮੰਡਲ ਦੇ ਇਨ੍ਹਾਂ ਯਤਨਾਂ ਨਾਲ ਨਾ ਸਿਰਫ਼ ਰੇਲਵੇ ਮਾਲੀਏ ਵਿਚ ਵਾਧਾ ਹੋ ਰਿਹਾ ਹੈ, ਸਗੋਂ ਰੇਲਵੇ ਪ੍ਰਤੀ ਵਪਾਰੀਆਂ ਦਾ ਭਰੋਸਾ ਵੀ ਵੱਧ ਰਿਹਾ ਹੈ |