ਮਮਦੋਟ, 3 ਅਪ੍ਰੈਲ(ਸੁਖਦੇਵ ਸਿੰਘ ਸੰਗਮ)-ਪੰਜਾਬ ਸਰਕਾਰ ਦੀਆ ਫ਼ਸਲ ਖ਼ਰੀਦ ਏਜੰਸੀਆਂ ਦੁਆਰਾ ਪਹਿਲੀ ਅਪ੍ਰੈਲ ਤੋ ਰਾਜ ਵਿਚ ਕਣਕ ਦੀ ਹਾਲੇ ਤੱਕ ਕਣਕ ਦੀ ਆਮਦ ਨਹੀਂ ਹੋਈ | ਜਾਣਕਾਰੀ ਮੁਤਾਬਿਕ ਮਾਰਕੀਟ ਕਮੇਟੀ ਮਮਦੋਟ ਅਧੀਨ ਮੁੱਖ ਮੰਡੀ ਸਮੇਤ ਕੁਲ-11 ਫੋਕਲ ਪੁਆਇੰਟ ਵੀ ਹਨ, ਜਿੰਨਾ ਵਿਚ ਸਰਹੱਦੀ ਬਲਾਕ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀ ਫ਼ਸਲ ਹਰ ਸੀਜ਼ਨ ਦੌਰਾਨ ਵਿਕਣ ਲਈ ਆਉਂਦੀ ਹੈ, ਪਰ ਇਸ ਵਾਰ ਮੌਸਮ ਵਿਚ ਆਏ ਬਦਲਾਵਾਂ ਕਾਰਨ ਕਣਕ ਦੀ ਫ਼ਸਲ ਪਹਿਲੀ ਦੇ ਮੁਕਾਬਲੇ ਪਛੜ ਕੇ ਮੰਡੀਆਂ ਵਿਚ ਆਉਣ ਦੀ ਸੰਭਾਵਨਾ ਹੈ | ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ 'ਤੇ ਪੰਜਾਬ ਮੰਡੀ ਬੋਰਡ ਵਲੋ ਕਿਸਾਨਾਂ ਦੀ ਫ਼ਸਲ ਵਿੱਕਰੀ ਸਬੰਧੀ ਸਾਰੇ ਅਗਾਉਂ ਪ੍ਰਬੰਧ ਲਗਭਗ ਮੁਕੰਮਲ ਕਰ ਗਏ ਹਨ ਅਤੇ ਕਣਕ ਦੇ ਮੰਡੀਆਂ ਵਿਚ ਆਉਣ 'ਤੇ ਇਸ ਦੀ ਖ਼ਰੀਦ ਨਿਰਵਿਘਨ ਯਕੀਨੀ ਬਣਾਈ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਖੇਤਰ ਤੋਂ ਆਉਣ ਵਾਲੀ ਕਣਕ ਦੀ ਫ਼ਸਲ ਵਿਸਾਖੀ ਦੇ ਦਿਹਾੜੇ ਦੇ ਆਸ-ਪਾਸ ਹੀ ਮੰਡਿਆਂ ਵਿਚ ਪਹੰੁਚਣ ਦੀ ਉਮੀਦ ਹੈ ਅਤੇ ਜਿਸ ਦਾ ਵੱਡਾ ਕਾਰਨ ਕੁੱਝ ਦਿਨਾ ਤੋਂ ਮੌਸਮ ਵਿਚ ਆਏ ਵਿਗਾੜ ਨੂੰ ਮੰਨਿਆਂ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵਿਚ ਅਪ੍ਰੈਲ ਦੇ ਪਹਿਲੇ ਹਫ਼ਤੇ ਵਿਚ ਕਣਕ ਦੀ ਕਟਾਈ ਚਾਲੂ ਕਰ ਦਿੱਤੀ ਜਾਂਦੀ ਸੀ ਜੋ ਇਸ ਵਾਰ ਅਜੇ ਨਹੀਂ ਹੋ ਰਹੀ |