31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਨਗਰ ਕੌਂਸਲ ਚੋਣਾਂ 'ਚ ਲੋਕ ਪੁੱਛ ਰਹੇ ਹਨ ਕੰਮਾਂ ਦਾ ਹਿਸਾਬ

Ad Position 21
No active advertisement
ਅਜੀਤ ਡੈਸਕ 23-05-2026
ਫ਼ਿਰੋਜ਼ਪੁਰ, 22 ਮਈ (ਗੁਰਿੰਦਰ ਸਿੰਘ)-ਪਿਛਲੇ ਸਮੇਂ ਦੌਰਾਨ ਬੁਨਿਆਦੀ ਸਹੂਲਤਾਂ ਤੋਂ ਵਾਂਝੇ 'ਤੇ ਨਰਕ ਜਿਹੀ ਜ਼ਿੰਦਗੀ ਬਤੀਤ ਕਰਨ ਵਾਲੇ ਸ਼ਹਿਰ ਵਾਸੀਆਂ ਦਾ ਗ਼ੁੱਸਾ ਨਗਰ ਕੌਂਸਲ ਚੋਣਾਂ ਦੇ ਮਾਹੌਲ ਵਿਚ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗਾ ਹੈ | ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਪਿਛਲੇ ਕਈ ਸਾਲਾਂ ਦੌਰਾਨ ਸ਼ਹਿਰ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਗਏ ਪਰ ਹਕੀਕਤ ਵਿਚ ਗਲੀ-ਮੁਹੱਲਿਆਂ ਦੀ ਦੁਰਦਸ਼ਾ, ਟੁੱਟੀਆਂ ਸੜਕਾਂ, ਗੰਦਗੀ, ਸੀਵਰੇਜ ਦੀਆਂ ਸਮੱਸਿਆਵਾਂ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਨੇ ਸ਼ਹਿਰ ਵਾਸੀਆਂ ਨੂੰ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਕੀਤਾ | ਲੋਕਾਂ ਦਾ ਕਹਿਣਾ ਹੈ ਕਿ ਨਾ ਚਾਰ ਸਾਲ ਸਰਕਾਰ ਨੇ ਲੋਕਾਂ ਦੀ ਸਾਰ ਲਈ ਅਤੇ ਨਾ ਹੀ ਪੰਜ ਸਾਲਾਂ ਤੱਕ ਸੱਤਾ ਦਾ ਸੁੱਖ ਭੋਗਣ ਵਾਲੇ ਕੌਂਸਲਰਾਂ ਨੇ ਆਪਣੇ ਫ਼ਰਜ਼ ਇਮਾਨਦਾਰੀ ਨਾਲ ਨਿਭਾਏ | ਲੋਕਾਂ ਵਿਚ ਚਰਚਾ ਹੈ ਕਿ ਜਿਹੜੇ ਆਗੂ ਆਪਣੇ ਕਾਰਜਕਾਲ ਦੌਰਾਨ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਹੱਲ ਨਹੀਂ ਕਰ ਸਕੇ | ਉਹ ਹੁਣ ਮੁੜ ਵੋਟਾਂ ਦੀ ਮੰਗ ਲਈ ਲੋਕਾਂ ਦੇ ਦਰਵਾਜ਼ਿਆਂ 'ਤੇ ਪਹੁੰਚ ਰਹੇ ਹਨ | ਲੋਕ ਸਵਾਲ ਕਰ ਰਹੇ ਹਨ ਕਿ ਜਦੋਂ ਉਨ੍ਹਾਂ ਦੇ ਹੱਥ ਵਿਚ ਅਹੁਦੇ ਅਤੇ ਅਧਿਕਾਰ ਸਨ ਤਾਂ ਫਿਰ ਸ਼ਹਿਰ ਦੇ ਵਿਕਾਸ ਲਈ ਠੋਸ ਕਦਮ ਕਿਉਂ ਨਹੀਂ ਚੁੱਕੇ ਗਏ | ਹੁਣ Tਤਾਕਤ ਨਾ ਹੋਣUਦੇ ਬਹਾਨੇ ਬਣਾ ਕੇ ਜਨਤਾ ਨੂੰ ਮੁੜ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਸ਼ਹਿਰ ਦੇ ਜਾਗਰੂਕ ਨਾਗਰਿਕਾਂ ਮਹਿੰਦਰ ਪਾਲ, ਕੁਲਦੀਪ ਸਿੰਘ, ਜਸਵਿੰਦਰ ਸਿੰਘ ਜੋਸਨ ਆਦਿ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੋਟ ਪਾਉਣ ਤੋਂ ਪਹਿਲਾਂ ਆਪਣੇ ਇਲਾਕੇ ਦੀ ਹਕੀਕਤ ਨੂੰ ਜ਼ਰੂਰ ਪਰਖਿਆ ਜਾਵੇ | ਗਲੀਆਂ ਦੇ ਖੱਡੇ, ਟੁੱਟੀਆਂ ਸੜਕਾਂ, ਗੰਦੇ ਨਾਲੇ ਅਤੇ ਖ਼ਰਾਬ ਪ੍ਰਬੰਧ ਹੀ ਪਿਛਲੇ ਕਾਰਜਕਾਲ ਦੀ ਅਸਲ ਤਸਵੀਰ ਬਿਆਨ ਕਰਦੇ ਹਨ | ਜੇਕਰ ਕਿਸੇ ਨੇ ਸੱਚਮੁੱਚ ਲੋਕ ਭਲਾਈ ਦੇ ਕੰਮ ਕੀਤੇ ਹਨ ਤਾਂ ਉਸ ਦਾ ਫ਼ੈਸਲਾ ਜਨਤਾ ਆਪ ਕਰੇਗੀ | ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਈ ਸਾਬਕਾ ਕੌਂਸਲਰ ਹੁਣ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਜਾਂ ਪਰਿਵਾਰਕ ਮੈਂਬਰਾਂ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਨਗਰ ਕੌਂਸਲ 'ਤੇ ਆਪਣਾ ਪ੍ਰਭਾਵ ਕਾਇਮ ਰੱਖਣਾ ਚਾਹੁੰਦੇ ਹਨ | ਪਰ ਹੁਣ ਸਮਾਂ ਬਦਲ ਚੁੱਕਾ ਹੈ ਅਤੇ ਲੋਕ ਚੁੱਪ ਰਹਿਣ ਦੀ ਥਾਂ ਹਰੇਕ ਉਮੀਦਵਾਰ ਤੋਂ ਉਸ ਦੇ ਪਿਛਲੇ ਕੰਮਾਂ ਦਾ ਹਿਸਾਬ ਮੰਗ ਰਹੇ ਹਨ | ਸ਼ਹਿਰ ਦੇ ਬੁੱਧੀਜੀਵੀਆਂ ਅਤੇ ਸਮਾਜਿਕ ਵਰਗਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਹੁਣ ਲੋੜ ਉਨ੍ਹਾਂ ਨਵੇਂ, ਮਿਹਨਤੀ, ਇਮਾਨਦਾਰ ਅਤੇ ਲੋਕਾਂ ਦਾ ਦਰਦ ਸਮਝਣ ਵਾਲੇ ਚਿਹਰਿਆਂ ਨੂੰ ਅੱਗੇ ਲਿਆਉਣ ਦੀ ਹੈ | ਜੋ ਸਿਰਫ਼ ਚੋਣ ਜਿੱਤਣ ਲਈ ਨਹੀਂ ਸਗੋਂ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਸੱਚੀ ਨੀਅਤ ਨਾਲ ਕੰਮ ਕਰਨ | ਉਨ੍ਹਾਂ ਕਿਹਾ ਕਿ ਜੇਕਰ ਜਨਤਾ ਫਿਰ ਤੋਂ ਪੁਰਾਣੇ ਅਤੇ ਨਾਕਾਮ ਚਿਹਰਿਆਂ ਨੂੰ ਹੀ ਤਾਕਤ ਸੌਂਪਦੀ ਰਹੀ, ਤਾਂ ਸ਼ਹਿਰ ਦੀ ਹਾਲਤ ਵਿਚ ਸੁਧਾਰ ਆਉਣਾ ਮੁਸ਼ਕਿਲ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਫਿਰੋਜ਼ਪੁਰ ਦੀ ਤਸਵੀਰ ਬਦਲ ਦੇਵੇਗੀ ਭਾਜਪਾ, ਲੋਕ ਦੂਰੋਂ ਦੇਖਣ ਆਉਣਗੇ-ਹੀਰਾ ਸੋਢੀ ਅਗਲੀ ਖ਼ਬਰ ਟਕਸਾਲੀ ਕਾਂਗਰਸੀ ਸਵ: ਜਸਵੰਤ ਸਿੰਘ ਬਰਾੜ ਦਾ ਪਰਿਵਾਰ ਅਤੇ ਪਨੇਸਰ ਪਰਿਵਾਰ 'ਆਪ' 'ਚ ਸ਼ਾਮਿਲ
Ad Position 24