ਫਿਰੋਜ਼ਪੁਰ ਦੀ ਤਸਵੀਰ ਬਦਲ ਦੇਵੇਗੀ ਭਾਜਪਾ, ਲੋਕ ਦੂਰੋਂ ਦੇਖਣ ਆਉਣਗੇ-ਹੀਰਾ ਸੋਢੀ
ਅਜੀਤ ਡੈਸਕ
23-05-2026
ਫਿਰੋਜ਼ਪੁਰ, 22 ਮਈ (ਸੁਖਵਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਭਾਜਪਾ ਆਗੂ ਅਨੁਮੀਤ ਹੀਰਾ ਸੋਢੀ ਨੇ ਵਾਰਡ ਨੰਬਰ 2 ਤੋਂ ਭਾਜਪਾ ਉਮੀਦਵਾਰ ਦਵਿੰਦਰ ਸਿੰਘ ਪਹਿਲਵਾਨ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਲੋਕਾਂ ਤੋਂ ਕਮਲ ਦੇ ਫੁੱਲ 'ਤੇ ਮੋਹਰ ਲਗਾਉਣ ਦੀ ਅਪੀਲ ਕੀਤੀ | ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਚੋਣਾਂ ਜਿੱਤਣ ਤੋਂ ਬਾਅਦ ਵਾਰਡ ਨੰਬਰ-2 ਵਿਚ ਵਿਕਾਸ ਪੱਖੋਂ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਹੀਰਾ ਸੋਢੀ ਨੇ ਕਿਹਾ ਕਿ ਲੋਕ ਅਕਸਰ ਇਹ ਗੱਲ ਕਹਿੰਦੇ ਹਨ ਕਿ ਪਿਛਲੀਆਂ ਸਰਕਾਰਾਂ ਨੇ ਸ਼ਹਿਰ ਲਈ ਕੁਝ ਖਾਸ ਨਹੀਂ ਕੀਤਾ, ਪਰ ਹੁਣ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ ਅਤੇ ਜੇਕਰ ਹੇਠਾਂ ਵੀ ਕਮਲ ਦਾ ਫੁੱਲ ਕਾਮਯਾਬ ਬਣਾਇਆ ਗਿਆ ਤਾਂ ਫਿਰੋਜ਼ਪੁਰ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਾ ਹੋਣ ਕਰਕੇ ਫਿਰੋਜ਼ਪੁਰ ਨੂੰ ਇਕ ਮਾਡਲ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ ਤਾਂ ਜੋ ਦੂਰੋਂ-ਦੂਰੋਂ ਲੋਕ ਇਸ ਦੀ ਸੁੰਦਰਤਾ ਦੇਖਣ ਆਉਣ | ਉਨ੍ਹਾਂ ਕਿਹਾ ਕਿ ਹੁਸੈਨੀਵਾਲਾ ਬਾਰਡਰ ਦੇਸ਼ ਭਰ ਵਿੱਚ ਮਸ਼ਹੂਰ ਹੈ ਅਤੇ ਹਰ ਰੋਜ਼ ਹਜ਼ਾਰਾਂ ਲੋਕ ਇਸ ਨੂੰ ਵੇਖਣ ਲਈ ਫਿਰੋਜ਼ਪੁਰ ਦੇ ਰਸਤੇ ਲੰਘਦੇ ਹਨ, ਪਰ ਕਈ ਵਾਰ ਲੋਕ ਇਹ ਕਹਿਣ ਲਈ ਮਜਬੂਰ ਹੋ ਜਾਂਦੇ ਹਨ ਕਿ ਇਹ ਕਿਹੜੇ ਪਿੰਡ ਵਿਚ ਆ ਗਏ ਹਾਂ | ਹੀਰਾ ਸੋਢੀ ਨੇ ਕਿਹਾ ਕਿ ਭਾਜਪਾ ਦੀ ਟੀਮ ਫਿਰੋਜ਼ਪੁਰ ਨੂੰ ਐਸੀ ਦਿੱਖ ਦੇਵੇਗੀ ਕਿ ਲੋਕ ਸ਼ਹਿਰ ਦੀ ਸਫ਼ਾਈ, ਸੁੰਦਰਤਾ ਅਤੇ ਵਿਕਾਸ ਦੀ ਮਿਸਾਲ ਦੇਣਗੇ | ਉਨ੍ਹਾਂ ਦਾਅਵਾ ਕੀਤਾ ਕਿ ਵਾਰਡ ਨੰਬਰ 2 ਵਿਚ ਪਾਰਕਾਂ, ਗਲੀਆਂ, ਸੀਵਰੇਜ, ਸਟਰੀਟ ਲਾਈਟਾਂ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਨੂੰ ਤਰਜੀਹ ਦੇ ਕੇ ਵਿਕਾਸ ਕਾਰਜ ਕਰਵਾਏ ਜਾਣਗੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੌਜਵਾਨ ਬੱਚਿਆਂ ਦਾ ਸਾਥ ਦੇਣ ਅਤੇ ਨੌਜਵਾਨ ਪੀੜ੍ਹੀ ਨੂੰ ਅੱਗੇ ਵਧਾਉਣ | ਹੀਰਾ ਸੋਢੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਜਦੋਂ ਤੱਕ ਪੰਜਾਬ ਦਾ ਨੌਜਵਾਨ ਸਹੀ ਰਸਤੇ 'ਤੇ ਨਹੀਂ ਆਉਂਦਾ, ਤਦ ਤੱਕ ਪੰਜਾਬ ਦੀ ਤਰੱਕੀ ਸੰਭਵ ਨਹੀਂ | ਉਨ੍ਹਾਂ ਕਿਹਾ ਕਿ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਵੇਖ ਲਿਆ ਹੈ, ਹੁਣ ਇਕ ਵਾਰ ਭਾਜਪਾ ਅਤੇ ਕਮਲ ਦੇ ਫੁੱਲ ਨੂੰ ਮੌਕਾ ਦੇ ਕੇ ਦੇਖਣਾ ਚਾਹੀਦਾ ਹੈ |