ਫਿਰੋਜ਼ਪੁਰ, 29 ਮਈ(ਸੁਖਵਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡੀ ਸਿਆਸੀ ਮਜ਼ਬੂਤੀ ਮਿਲੀ ਜਦੋਂ ਵਾਰਡ ਨੰਬਰ 6 ਤੋਂ ਰਿਸ਼ੀ ਸ਼ਰਮਾ ਨੇ 38 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ, ਜਦਕਿ ਵਾਰਡ ਨੰਬਰ 9 ਤੋਂ ਨਿਸ਼ਾ ਸ਼ਰਮਾ ਨੇ 115 ਵੋਟਾਂ ਦੀ ਸ਼ਾਨਦਾਰ ਬੜ੍ਹਤ ਨਾਲ ਵਿਰੋਧੀਆਂ ਨੂੰ ਕਰਾਰੀ ਮਾਤ ਦਿੱਤੀ | ਖ਼ਾਸ ਗੱਲ ਇਹ ਰਹੀ ਕਿ ਰਿਸ਼ੀ ਸ਼ਰਮਾ ਅਤੇ ਨਿਸ਼ਾ ਸ਼ਰਮਾ ਆਪਸ ਵਿੱਚ ਪਤੀ-ਪਤਨੀ ਹਨ ਅਤੇ ਦੋਹਾਂ ਦੀ ਜਿੱਤ ਨੇ ਕਾਂਗਰਸ ਵਿਚ ਖ਼ੁਸ਼ੀ ਦੀ ਲਹਿਰ ਦੌੜਾ ਦਿੱਤੀ | ਦੋਹਾਂ ਉਮੀਦਵਾਰਾਂ ਦੀ ਜਿੱਤ ਨੂੰ ਲੋਕਾਂ ਦੇ ਭਰੋਸੇ ਅਤੇ ਕਾਂਗਰਸ ਪ੍ਰਤੀ ਵਧਦੇ ਸਮਰਥਨ ਵਜੋਂ ਵੇਖਿਆ ਜਾ ਰਿਹਾ ਹੈ | ਜਿੱਤ ਦੀ ਖ਼ਬਰ ਮਿਲਦੇ ਹੀ ਸਮਰਥਕਾਂ ਵਲੋਂ ਢੋਲ-ਨਗਾੜਿਆਂ ਨਾਲ ਜਸ਼ਨ ਮਨਾਇਆ ਗਿਆ ਅਤੇ ਲੱਡੂ ਵੰਡ ਕੇ ਇੱਕ ਦੂਜੇ ਨੂੰ ਵਧਾਈ ਦਿੱਤੀ ਗਈ | ਰਿਸ਼ੀ ਸ਼ਰਮਾ ਅਤੇ ਨਿਸ਼ਾ ਸ਼ਰਮਾ ਨੇ ਆਪਣੀ ਜਿੱਤ ਦਾ ਸਿਹਰਾ ਵਾਰਡ ਵਾਸੀਆਂ ਦੇ ਪਿਆਰ, ਭਰੋਸੇ ਅਤੇ ਵਰਕਰਾਂ ਦੀ ਦਿਨ-ਰਾਤ ਦੀ ਮਿਹਨਤ ਨੂੰ ਦਿੱਤਾ | ਉਨ੍ਹਾਂ ਕਿਹਾ ਕਿ ਲੋਕਾਂ ਨੇ ਜੋ ਵਿਸ਼ਵਾਸ ਉਨ੍ਹਾਂ 'ਤੇ ਜਤਾਇਆ ਹੈ | ਉਹ ਉਸ 'ਤੇ ਪੂਰੀ ਤਰ੍ਹਾਂ ਖਰਾ ਉੱਤਰਨਗੇ ਅਤੇ ਵਾਰਡਾਂ ਦੇ ਵਿਕਾਸ ਲਈ ਇਮਾਨਦਾਰੀ ਨਾਲ ਕੰਮ ਕਰਨਗੇ | ਇਸ ਮੌਕੇ ਉਨਾਂ ਨੂੰ ਨਗਰ ਕੌਂਸਲ ਵਲੋਂ ਸਰਟੀਫਿਕੇਟ ਵੀ ਦਿੱਤਾ ਗਿਆ |