ਮੱਖੂ, 30 ਮਈ (ਕੁਲਵਿੰਦਰ ਸਿੰਘ ਸੰਧੂ)-ਨਗਰ ਕੌਂਸਲ ਜ਼ੀਰਾ ਦੇ ਕੱਲ੍ਹ ਆਏ ਨਤੀਜਿਆਂ ਵਿਚ 17 ਚੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਿਰੋਜ਼ਪੁਰ ਦੀ ਅਗਵਾਈ ਹੇਠ 7 ਕੌਂਸਲਰ ਜਿੱਤ ਜਾਣੇ ਵੱਡੀ ਗੱਲ ਹੈ ਕਿਉਂਕਿ ਸਾਰਾ ਸਰਕਾਰੀ ਤੰਤਰ ਆਮ ਆਦਮੀ ਪਾਰਟੀ ਨੇ ਕੌਂਸਲਰਾਂ ਨੂੰ ਜਿਤਾਉਣ ਵਿਚ ਲੱਗਿਆ ਹੋਇਆ ਸੀ ਪਰ ਕੁੱਝ ਇਮਾਨਦਾਰ ਅਫ਼ਸਰਾਂ ਵਲੋਂ ਆਪਣੀ ਡਿਊਟੀ ਵਧੀਆ ਤਰੀਕੇ ਨਾਲ ਨਿਭਾ ਕੇ ਸਮਾਜ ਪ੍ਰਤੀ ਆਪਣਾ ਫ਼ਰਜ਼ ਨਿਭਾਇਆ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਿਵ ਸਾਗਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਮੱਖੂ (ਸ਼ਹਿਰੀ) ਅਤੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਗੱਟਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਮੱਖੂ (ਦਿਹਾਤੀ) ਨੇ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਸ. ਜ਼ੀਰਾ ਨੇ ਸਾਬਤ ਕਰਤਾ ਹੈ ਕਿ ਉਹ ਆਪਣੇ ਆਗੂਆਂ 'ਤੇ ਵਰਕਰਾਂ ਨਾਲ ਹਰ ਸਮੇਂ ਖੜੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਇਹ ਚੋਣਾਂ ਪੂਰੀ ਪਾਰਦਰਸ਼ੀ ਤਰੀਕੇ ਨਾਲ ਹੁੰਦੀਆਂ ਤਾਂ ਪ੍ਰਧਾਨ ਕਾਂਗਰਸ ਕਮੇਟੀ ਦਾ ਹੀ ਬਣਨਾ ਸੀ | ਉਨ੍ਹਾਂ ਕਿਹਾ ਕਿ ਅਸੀਂ ਕੁਲਬੀਰ ਸਿੰਘ ਜ਼ੀਰਾ ਨੂੰ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਆਪਣੇ ਉਮੀਦਵਾਰਾਂ ਲਈ ਦਿਨ ਰਾਤ ਇੱਕ ਕਰ ਦਿੱਤਾ |