ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਫ਼ਿਰੋਜ਼ਪੁਰ ਨਗਰ ਕੌਂਸਲ ਚੋਣ ਨਤੀਜੇ-'ਆਪ' ਨੂੰ ਝਟਕਾ

Ad Position 21
No active advertisement
ਅਜੀਤ ਡੈਸਕ 31-05-2026
ਫ਼ਿਰੋਜ਼ਪੁਰ, 30 ਮਈ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਨਗਰ ਕੌਂਸਲ ਚੋਣਾਂ ਦੇ ਬੀਤੀ ਦੇਰ ਰਾਤ ਤੱਕ ਆਏ ਨਤੀਜਿਆਂ ਨੇ ਸ਼ਹਿਰ ਦੀ ਸਿਆਸਤ ਨੂੰ ਨਵਾਂ ਮੋੜ ਦੇ ਦਿੱਤਾ ਹੈ | ਚੋਣਾਂ ਤੋਂ ਪਹਿਲਾਂ ਸ਼ਹਿਰ ਦੀਆਂ ਟੁੱਟੀਆਂ ਸੜਕਾਂ, ਸਫ਼ਾਈ ਪ੍ਰਬੰਧਾਂ ਦੀ ਖ਼ਰਾਬ ਹਾਲਤ, ਥਾਂ-ਥਾਂ ਲੱਗੇ ਕੂੜੇ ਦੇ ਢੇਰ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਨੂੰ ਲੈ ਕੇ ਉੱਠ ਰਹੇ ਸਵਾਲ ਹੁਣ ਚੋਣ ਨਤੀਜਿਆਂ ਵਿਚ ਵੀ ਸਪਸ਼ਟ ਤੌਰ 'ਤੇ ਨਜ਼ਰ ਆਏ ਹਨ | ਵੋਟਰਾਂ ਨੇ ਇਕ ਪਾਸੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਪਕੜ ਨੂੰ ਕਮਜ਼ੋਰ ਕੀਤਾ ਹੈ | ਦੂਜੇ ਪਾਸੇ ਕਾਂਗਰਸ ਨੂੰ ਮੁੜ ਨਗਰ ਕੌਂਸਲ ਦੀ ਵਾਗਡੋਰ ਸੌਂਪ ਦਿੱਤੀ ਹੈ | ਇਸ ਦੇ ਨਾਲ ਹੀ ਸ਼ਹਿਰੀ ਵੋਟਾਂ ਦੇ ਸਹਾਰੇ ਸੂਬੇ ਦੀ ਵਾਗਡੋਰ ਸੰਭਾਲਣ ਲਈ ਵਿਉਂਤਬੰਦੀ ਕਰ ਰਹੀ ਭਾਜਪਾ ਵੀ ਆਪਣਾ ਬਹੁਤਾ ਦਮਖਮ ਨਹੀਂ ਦਿਖਾ ਸਕੀ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਆਪਣਾ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਿਹਾ | ਚੋਣਾਂ ਤੋਂ ਪਹਿਲਾਂ ਸ਼ਹਿਰ ਦੇ ਹਾਲਾਤਾਂ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਸੀ | ਲੋਕਾਂ ਦਾ ਮੰਨਣਾ ਸੀ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸੀ ਕੌਂਸਲ ਅਤੇ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਵਿਚ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਦੋਵੇਂ ਹੀ ਸ਼ਹਿਰ ਦੇ ਬੁਨਿਆਦੀ ਮੁੱਦਿਆਂ ਦਾ ਪੱਕਾ ਹੱਲ ਕਰਨ ਵਿਚ ਅਸਫਲ ਰਹੇ | ਸੜਕਾਂ ਦੀ ਮਾੜੀ ਹਾਲਤ, ਸੀਵਰੇਜ ਅਤੇ ਸਫ਼ਾਈ ਵਰਗੀਆਂ ਸਮੱਸਿਆਵਾਂ ਲੋਕਾਂ ਲਈ ਵੱਡੀ ਚਿੰਤਾ ਬਣੀਆਂ ਰਹੀਆਂ | ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਉਮੀਦਾਂ ਅਨੁਸਾਰ ਸਮਰਥਨ ਨਾ ਮਿਲਣਾ ਸਿੱਧੇ ਤੌਰ 'ਤੇ ਸਥਾਨਕ ਮੁੱਦਿਆਂ ਨਾਲ ਜੁੜਿਆ ਹੋਇਆ ਹੈ | ਪੰਜਾਬ ਵਿਚ ਸਰਕਾਰ ਹੋਣ ਦੇ ਬਾਵਜੂਦ ਲੋਕਾਂ ਨੂੰ ਸ਼ਹਿਰ ਵਿਚ ਕੋਈ ਵੱਡੀ ਤਬਦੀਲੀ ਨਜ਼ਰ ਨਹੀਂ ਆਈ | ਜਿਸ ਕਾਰਨ ਵੋਟਰਾਂ ਨੇ ਆਪਣੀ ਨਾਰਾਜ਼ਗੀ ਬੈਲਟ ਬਾਕਸ ਰਾਹੀਂ ਜ਼ਾਹਿਰ ਕੀਤੀ | ਜਦੋਂ ਕਿ ਦੂਜੇ ਪਾਸੇ ਕਾਂਗਰਸ ਨੇ ਆਪਣੇ ਰਵਾਇਤੀ ਆਧਾਰ ਨੂੰ ਕਾਇਮ ਰੱਖਦਿਆਂ ਮੁੜ ਨਗਰ ਕੌਂਸਲ ਵਿਚ ਮਜ਼ਬੂਤ ਵਾਪਸੀ ਕੀਤੀ ਹੈ | ਹਾਲਾਂਕਿ ਕਾਂਗਰਸ ਲਈ ਵੀ ਇਹ ਨਤੀਜੇ ਇਕ ਵੱਡੀ ਜ਼ਿੰਮੇਵਾਰੀ ਲੈ ਕੇ ਆਏ ਹਨ | ਕਿਉਂਕਿ ਪਿਛਲੇ ਕਾਰਜਕਾਲ ਦੌਰਾਨ ਵਿਕਾਸ ਨੂੰ ਲੈ ਕੇ ਉਸ 'ਤੇ ਵੀ ਸਵਾਲ ਉੱਠਦੇ ਰਹੇ ਹਨ | ਹੁਣ ਲੋਕਾਂ ਦੀਆਂ ਉਮੀਦਾਂ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਈਆਂ ਹਨ | ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਖਾਤਾ ਨਾ ਖੁੱਲਣਾ ਜ਼ਿਲ੍ਹੇ ਦੀ ਸਿਆਸਤ ਵਿਚ ਉਸ ਦੀ ਘਟਦੀ ਪਕੜ ਦਾ ਸੰਕੇਤ ਮੰਨਿਆ ਜਾ ਰਿਹਾ ਹੈ | ਕੁੱਲ ਮਿਲਾ ਕੇ ਫ਼ਿਰੋਜ਼ਪੁਰ ਦੇ ਵੋਟਰਾਂ ਨੇ ਇਸ ਚੋਣ ਰਾਹੀਂ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਸਿਰਫ਼ ਸਿਆਸੀ ਨਾਅਰਿਆਂ ਨਹੀਂ, ਸਗੋਂ ਜ਼ਮੀਨੀ ਪੱਧਰ 'ਤੇ ਹੋਣ ਵਾਲੇ ਵਿਕਾਸ ਨੂੰ ਤਰਜੀਹ ਦੇਣਾ ਚਾਹੁੰਦੇ ਹਨ | 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਲਈ ਆਉਣ ਵਾਲਾ ਸਮਾਂ ਵੱਡੀ ਚੁਨੌਤੀ ਲਈ ਖੜ੍ਹਾ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਨਵੀਂ ਬਣਨ ਵਾਲੀ ਕੌਂਸਲ ਲੋਕਾਂ ਦੀਆਂ ਉਮੀਦਾਂ 'ਤੇ ਕਿੰਨਾ ਖਰਾ ਉੱਤਰਦੀ ਹੈ ਅਤੇ ਸ਼ਹਿਰ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦਾ ਹੱਲ ਕਿੰਨੀ ਤੇਜ਼ੀ ਨਾਲ ਕਰਦੀ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂਹਰਸਹਾਏ ਵਿਚ ਭਾਜਪਾ ਦਾ ਪਰਿਵਾਰ ਵੱਡਾ ਹੋ ਰਿਹਾ ਹੈ- ਭਾਜਪਾ ਆਗੂ ਦੀਪਕ ਸ਼ਰਮਾ ਅਗਲੀ ਖ਼ਬਰ ਭਾਕਿਯੂ ਏਕਤਾ ਮਝੈਲ ਜਥੇਬੰਦੀ ਦਾ ਹੋਇਆ ਵਿਸਥਾਰ
Ad Position 24
No active advertisement