ਫ਼ਿਰੋਜ਼ਪੁਰ, 30 ਮਈ (ਕੁਲਬੀਰ ਸਿੰਘ ਸੋਢੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਦੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਧਾਲੀਵਾਲ ਦੀ ਕਿਸਾਨਾਂ ਪ੍ਰਤੀ ਚੰਗੀ ਸੋਚ ਅਤੇ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਲਈ ਸੂਬਾ 'ਤੇ ਕੇਂਦਰ ਸਰਕਾਰ ਵਿਰੁੱਧ ਲਗਾਤਾਰ ਆਵਾਜ਼ ਚੁੱਕਣ ਕਰਕੇ ਸੂਬੇ ਭਰ ਵਿਚ ਕਿਸਾਨ ਵਰਗ ਵਲੋਂ ਵੱਡਾ ਸਮਰਥਨ ਮਿਲ ਰਿਹਾ ਹੈ | ਜਿਸ ਕਰਕੇ ਜਥੇਬੰਦੀ ਦਾ ਵਿਸਥਾਰ ਵੀ ਹੋ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਫੁੱਲਰਵਨ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਜਥੇਬੰਦੀ ਵਲੋਂ ਕਿਸਾਨਾਂ ਦੇ ਹੱਕ ਵਿਚ ਲਏ ਜਾਂਦੇ ਫ਼ੈਸਲਿਆਂ ਨੂੰ ਦੇਖਦੇ ਹੋਏ ਪਿੰਡਾਂ ਦੀਆਂ ਇਕਾਈਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ 'ਤੇ ਕਿਸਾਨ ਵੀਰ ਆਪ ਮੁਹਾਰੇ ਜਥੇਬੰਦੀ ਦਾ ਹਿੱਸਾ ਬਣ ਰਹੇ ਹਨ | ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਕਿ ਬਲਾਕ ਪ੍ਰਧਾਨ ਗੁਰਭੇਜ ਸਿੰਘ ਚੱਠਾ ਅਤੇ ਬਲਾਕ ਪ੍ਰਧਾਨ ਰਣਜੀਤ ਸਿੰਘ ਵਲੋਂ ਕੀਤੇ ਕਾਰਜਾਂ ਨੂੰ ਦੇਖਦੇ ਹੋਏ ਪਿੰਡ ਕਾਸੂ ਬੇਗੂ 'ਤੇ ਪਿੰਡ ਰੁਕਣਾ ਬੇਗੂ ਦੇ ਕਿਸਾਨਾਂ ਵਲੋਂ ਭਾਰੀ ਇਕੱਠ ਦੌਰਾਨ ਜਥੇਬੰਦੀ ਦਾ ਹਿੱਸਾ ਬਣਨ ਦਾ ਐਲਾਨ ਕੀਤਾ 'ਤੇ ਵਿਸ਼ਵਾਸ ਦਿਵਾਇਆ ਕਿ ਜਥੇਬੰਦੀ ਵਲੋਂ ਉਲੀਕੇ ਸਾਰੇ ਪ੍ਰੋਗਰਾਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਾਵਾਂਗੇ | ਜ਼ਿਲ੍ਹਾ ਪ੍ਰਧਾਨ ਫੁੱਲਰਵਨ ਨੇ ਕਿਹਾ ਕਿ ਜਥੇਬੰਦੀ ਦੇ ਆਗੂ 'ਤੇ ਮੈਂਬਰ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕਰ ਰਹੀ ਹੈ 'ਤੇ ਜਥੇਬੰਦੀ ਦਾ ਹਿੱਸਾ ਬਣਾ ਰਹੀ ਹੈ | ਉਨ੍ਹਾਂ ਕਿਹਾ ਕਿ ਵਪਾਰਕ ਸਮਝੌਤੇ ਨੂੰ ਰੱਦ ਕਰਵਾਉਣ ਲਈ ਕਿਸਾਨ ਵੀਰਾਂ ਨੂੰ ਆਉਣ ਵਾਲੇ ਦਿਨਾਂ ਵਿਚ ਲੜਾਈ ਲਈ ਤਿਆਰ ਕੀਤਾ ਜਾ ਰਿਹਾ ਹੈ, ਤਾਂ ਕਿ ਵਪਾਰਕ ਸਮਝੌਤਾ ਕੈਂਸਲ ਅਤੇ ਬਿਜਲੀ ਐਕਟ 2025 ਵਾਪਸ ਕਰਾਇਆ ਜਾਏਗਾ | ਇਸ ਮੌਕੇ ਇਕਾਈ ਪ੍ਰਧਾਨ ਪ੍ਰਗਟ ਸਿੰਘ, ਮੀਤ ਪ੍ਰਧਾਨ ਦਲਬੀਰ ਸਿੰਘ, ਜਰਨਲ ਸਕੱਤਰ ਅਮਨਦੀਪ ਆਦਿ ਆਗੂ ਹਾਜ਼ਰ ਸਨ |