ਜ਼ੀਰਾ, 26 ਜੂਨ(ਪ੍ਰਤਾਪ ਸਿੰਘ ਹੀਰਾ)-ਮੱਖੂ ਰੋਡ ਜੀਰਾ ਵਿਖੇ ਸਥਿਤ ਗਿਆਨ ਚੰਦ ਕਬਾੜੀਏ ਦੀ ਦੁਕਾਨ ਵਿਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਮਾਲ ਸੜ ਕੇ ਕੋਲਾ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ਦੁਕਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਗ ਲੱਗਣ ਕਾਰਨ ਆਸ-ਪਾਸ ਦੇ ਰਿਹਾਇਸ਼ੀ ਇਲਾਕੇ ਵਿਚ ਅਫਰਾ-ਤਫਰੀ ਦਾ ਮਾਹੌਲ ਪੈਦਾ ਹੋ ਗਿਆ। ਇਸ ਮੌਕੇ ਪੀੜਤ ਦੁਕਾਨਦਾਰ ਹਰਬੰਸ ਲਾਲ ਨੇ ਦੱਸਿਆ ਕਿ ਜ਼ੀਰਾ ਦੀਆਂ ਸਮੂਹ ਕਬਾੜ ਦੀਆਂ ਦੁਕਾਨਾਂ ਤਿੰਨ ਦਿਨ ਲਈ ਬੰਦ ਰੱਖੀਆਂ ਗਈਆਂ ਸਨ। ਜਿਸ ਦਾ ਅੱਜ ਪਹਿਲਾ ਦਿਨ ਸੀ ਦੁਕਾਨ ’ਤੇ ਕੋਈ ਵੀ ਮੁਲਾਜ਼ਮ ਨਹੀਂ ਸੀ ਪਰ ਦੁਪਹਿਰ ਵੇਲੇ ਅਚਨਚੇਤ ਦੁਕਾਨ ਵਿਚੋਂ ਅਚਾਨਕ ਧੂੰਆਂ ਨਿਕਲਦਾ ਦੇਖਿਆ ਗਿਆ। ਜਦੋਂ ਤੱਕ ਆਸ-ਪਾਸ ਦੇ ਲੋਕ ਕੁਝ ਸਮਝ ਪਾਉਂਦੇ, ਉਦੋਂ ਤੱਕ ਅੱਗ ਦੀਆਂ ਉੱਚੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ। ਦੁਕਾਨ ਅੰਦਰ ਪਲਾਸਟਿਕ, ਗੱਤਾ ਅਤੇ ਹੋਰ ਜਲਣਸ਼ੀਲ ਸਮੱਗਰੀ ਹੋਣ ਕਾਰਨ ਅੱਗ ਨੇ ਮਿੰਟਾਂ ਵਿਚ ਹੀ ਵਿਕਰਾਲ ਰੂਪ ਧਾਰਨ ਕਰ ਲਿਆ। ਅੱਗ ਲੱਗਣ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਜੇਕਰ ਸਮੇਂ ਸਿਰ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ, ਤਾਂ ਇਹ ਨਾਲ ਲੱਗਦੀਆਂ ਹੋਰ ਦੁਕਾਨਾਂ ਅਤੇ ਰਿਹਾਇਸ਼ੀ ਇਲਾਕੇ ਨੂੰ ਵੀ ਆਪਣੀ ਲਪੇਟ ਵਿਚ ਲੈ ਸਕਦੀ ਸੀ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਸ ਦਾ ਦੋ ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ। ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਜੀਰਾ ਵਿਖੇ ਇਕ ਕਬਾੜ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ। ਇਸ ਮੌਕੇ ਸਿਟੀ ਥਾਣਾ ਜੀਰਾ ਦੇ ਐਸ.ਐਚ.ਓ ਗੁਰਪ੍ਰੀਤ ਸਿੰਘ ਬਰਾੜ ਮੌਕੇ ’ਤੇ ਪੁੱਜੇ ਅਤੇ ਅੱਗ ਲੱਗਣ ਦੇ ਕਾਰਜਾਂ ਵਿਚ ਜੁੱਟ ਗਏ।