ਮਮਦੋਟ, 3 ਜੁਲਾਈ (ਰਾਜਿੰਦਰ ਸਿੰਘ ਹਾਂਡਾ)-ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਉਸਾਰੀ ਜਾ ਰਹੀ ਸੜਕ ਦੇ ਕੰਮ ਵਿਚ ਲੱਗੇ ਵਾਹਨਾਂ ਲਈ ਡੀਜ਼ਲ ਲੈ ਕੇ ਜਾ ਰਹੀ ਪਿਕਅਪ ਗੱਡੀ ਹੇਠ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਵਲੋਂ ਗੱਡੀ ਅਤੇ ਚਾਲਕ ਨੂੰ ਉੱਥੇ ਹੀ ਰੋਕ ਲਿਆ ਗਿਆ। ਪਿੰਡ ਦੇ ਸਰਪੰਚ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆਂ ਕਿ ਸਰਹੱਦ ਦੇ ਨਾਲ ਬਣ ਰਹੀ ਸੜਕ ਲਈ ਪੱਥਰ, ਬਜਰੀ ਅਤੇ ਹੋਰ ਸਾਜੋ-ਸਾਮਾਨ ਲੈ ਕੇ ਜਾਣ ਵਾਲੇ ਟਿੱਪਰ ਤੇ ਟਰੱਕ ਬਣੀ ਤੇਜ਼ ਰਫ਼ਤਾਰ ਵਿਚ ਲੰਘਦੇ ਹਨ। ਜਿਸ ਸਬੰਧੀ ਪਹਿਲਾਂ ਵੀ ਕਈ ਵਾਰ ਸਬੰਧਿਤ ਠੇਕੇਦਾਰ ’ਤੇ ਵਾਹਨਾਂ ਦੇ ਚਾਲਕਾਂ ਨੂੰ ਕਿਹਾ ਹੈ ਕਿ ਪੇਂਡੂ ਸੜਕਾਂ ਤੰਗ ਹਨ ਅਤੇ ਆਬਾਦੀ ਖੇਤਰ ’ਚ ਵਾਹਨਾਂ ਦੀ ਰਫ਼ਤਾਰ ਘੱਟ ਰੱਖੀ ਜਾਵੇ, ਪਰੰਤੂ ਕੋਈ ਅਸਰ ਨਹੀਂ ਹੋਇਆ। ਅੱਜ ਮਸਤੀ ਗੱਟੀ ਨੰ:1 ਵਿਖੇ ਗੁਰਦੀਪ ਸਿੰਘ ਪੁੱਤਰ ਫ਼ੌਜਾਂ ਸਿੰਘ ਉਮਰ ਕਰੀਬ 50 ਸਾਲ ਜੋ ਮੋਟਰ ਸਾਈਕਲ ’ਤੇ ਸਵਾਰ ਸੀ ਨੂੰ ਸੜਕੀ ਠੇਕੇਦਾਰ ਦੀ ਤੇਜ਼ ਰਫ਼ਤਾਰ ਮਹਿੰਦਰਾ ਪਿਕਅਪ ਗੱਡੀ ਜੋ ਡੀਜ਼ਲ ਟੈਂਕਰ ਵਜੋਂ ਚੱਲਦੀ ਹੈ, ਵਲੋਂ ਟੱਕਰ ਮਾਰ ਕੇ ਆਪਣੇ ਹੇਠ ਹੀ ਦਰੜ ਦਿੱਤਾ ਗਿਆ। ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆਂ ਕਿ ਹਾਦਸੇ ਤੋਂ ਬਾਅਦ ਵੀ ਪਿਕਅਪ ਗੱਡੀ ਦੇ ਚਾਲਕ ਵਲੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਇਕੱਤਰ ਹੋਏ ਪਿੰਡ ਵਾਸੀਆਂ ਵਲੋਂ ਗੱਡੀ ਨੂੰ ਰੋਕ ਕੇ ਚਾਲਕ ਨੂੰ ਬਿਠਾ ਲਿਆ ਗਿਆ। ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਮਮਦੋਟ ਦੇ ਮੁਖੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਜਿਨ੍ਹਾਂ ਵਲੋਂ ਪਿੰਡ ਵਾਸੀਆਂ ਨੂੰ ਗੱਡੀ ਦਾ ਚਾਲਕ ਹਵਾਲੇ ਕਰਨ ਲਈ ਕਿਹਾ ਤਾਂ ਪਿੰਡ ਵਾਸੀਆਂ ਦੇ ਕਿਹਾ ਕਿ ਚਾਲਕ ਨੂੰ ਉਸ ਦੇ ਸਾਥੀ ਲੈ ਗਏ ਹਨ, ਪਰੰਤੂ ਬਾਅਦ ਵਿਚ ਪਿੰਡ ਵਾਸੀਆਂ ਵਲੋਂ ਚਾਲਕ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆਂ ਕਿ ਮ੍ਰਿਤਕ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਦਾਂ ਸੀ। ਜਿਸ ਦੀ ਮੌਤ ਕਾਰਨ ਪਰਿਵਾਰ ਪੂਰੀ ਤਰ੍ਹਾਂ ਯਤੀਮ ਹੋ ਗਿਆ ਹੈ। ਪਿੰਡ ਵਾਸੀਆਂ ਨੇ ਪਿਕਅਪ ਦੇ ਚਾਲਕ ਦੇ ਨਾਲ-ਨਾਲ ਸੜਕ ਬਣਾਉਣ ਵਾਲੇ ਠੇਕੇਦਾਰ ਖ਼ਿਲਾਫ਼ ਵੀ ਸਖ਼ਤ ਕਾਰਵਾਈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ।