ਤਲਵੰਡੀ ਭਾਈ, 3 ਜੁਲਾਈ (ਕੁਲਜਿੰਦਰ ਸਿੰਘ ਗਿੱਲ)-ਲੰਘੀ ਰਾਤ ਤਲਵੰਡੀ ਭਾਈ ਦੇ ਵਾਰਡ ਨੰਬਰ 04 ’ਚ ਘਰ ਦੇ ਬਾਹਰ ਖੜ੍ਹੀ ਵੈਗਨਆਰ ਕਾਰ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਸਾੜਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਕਾਰ ਦੇ ਮਾਲਕ ਗੁਰਨਾਮ ਸਿੰਘ ਉਰਫ਼ ਗਾਮਾ ਹਲਵਾਈ ਨੇ ਦੱਸਿਆ ਕਿ ਰਾਤ ਸਮੇਂ ਉਨ੍ਹਾਂ ਨੇ ਆਪਣੀ ਕਾਰ ਘਰ ਦੇ ਬਾਹਰ ਗੇਟ ਮੂਹਰੇ ਖੜ੍ਹੀ ਕੀਤੀ ਸੀ। ਪ੍ਰੰਤੂ ਅੱਧੀ ਰਾਤ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਉੱਪਰ ਕੋਈ ਤਰਲ ਪਦਾਰਥ ਛਿੜਕ ਕੇ ਅੱਗ ਲਗਾ ਦਿੱਤੀ। ਜਿਸ ਕਾਰਨ ਉਨ੍ਹਾਂ ਦੀ ਕਾਰ ਦਾ ਕੁੱਝ ਹਿੱਸਾ ਸੜ ਗਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਰਕੇ ਕਾਰ ਦਾ ਇਕ ਟਾਇਰ ਫੱਟਣ ਨਾਲ ਹੋਏ ਧਮਾਕੇ ਦੀ ਆਵਾਜ਼ ਨਾਲ ਉਨ੍ਹਾਂ ਦੇ ਗੁਆਂਢੀ ਆਪਣੇ ਘਰ ’ਚੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਬੜੀ ਮੁਸ਼ਕਿਲ ਲੱਗੀ ਅੱਗ ’ਤੇ ਕਾਬੂ ਪਾਇਆ। ਗਾਮਾ ਹਲਵਾਈ ਵਲੋਂ ਪੁਲਿਸ ਥਾਣਾ ਤਲਵੰਡੀ ਭਾਈ ਵਿਖੇ ਦਰਖਾਸਤ ਦੇ ਕੇ ਮਾਮਲੇ ਦੀ ਜਾਂਚ ਕਰਕੇ ਕਾਰ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।