ਗੋਲੂ ਕਾ ਮੋੜ, 3 (ਸੁਰਿੰਦਰ ਸਿੰਘ ਪੁਪਨੇਜਾ)-ਡੇਰਾ ਸ਼੍ਰੀ ਭਜਨਗੜ ਸਾਹਿਬ ਦੇ ਸੰਸਥਾਪਕ ਸੰਤ ਬਾਬਾ ਵਚਨ ਸਿੰਘ ਜੀ ਵਲੋਂ ਚਲਾਈ ਮਰਿਆਦਾ ਅਨੁਸਾਰ ਡੇਰਾ ਸ਼੍ਰੀ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਪਹਿਲੀ ਹਾੜ ਤੋਂ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ ਹੈ। ਇਸ ਲੜੀ ਵਿਚ ਅੱਜ 10 ਅਖੰਡ ਪਾਠ ਦੇ ਭੋਗ ਪਾਏ ਗਏ। ਹੈੱਡ ਗ੍ਰੰਥੀ ਭਾਈ ਗੁਰਦੀਪ ਸਿੰਘ ਬਣਵਾਲਾ ਵਲੋਂ ਸਮੂਹ ਪਰਿਵਾਰਾਂ ਦੀ ਚੜ੍ਹਦੀਕਲਾ ਅਤੇ ਇਲਾਕੇ ਦੀ ਸੁੱਖ-ਸ਼ਾਂਤੀ ਦੀ ਅਰਦਾਸ ਕੀਤੀ। ਇਸ ਉਪਰੰਤ ਡੇਰਾ ਸ਼੍ਰੀ ਭਜਨਗੜ ਦੇ ਗੱਦੀ ਨਸ਼ੀਨ ਸੰਤ ਬਾਬਾ ਵਚਨ ਸਿੰਘ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਅਤੇ ਸੰਤ ਬਾਬਾ ਰਜਿੰਦਰ ਸਿੰਘ ਵਲੋਂ ਸੰਗਤਾਂ ਨੂੰ ਕਥਾ-ਵਿਚਾਰਾ ਨਾਲ ਨਿਹਾਲ ਕੀਤਾ ਅਤੇ ਅਗਲੇ 10 ਅਖੰਡ ਪਾਠ ਆਰੰਭ ਕੀਤੇ ਗਏ। ਇਸ ਮੌਕੇ ਇਲਾਕੇ ਤੋ ਇਲਾਵਾ ਤੇ ਦੂਰ-ਦੁਰਾਡੇ ਪਿੰਡਾਂ ਸ਼ਹਿਰਾ ਤੋਂ ਸੰਗਤਾਂ ਪਹੁੰਚੀਆਂ ਅਤੇ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਹਾਜ਼ਰੀਆਂ ਲਗਵਾਈਆਂ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਸੰਗਤਾਂ ਵਿਚ ਵਰਤਾਏ ਗਏ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾ ਵੀ ਲਗਾਈਆਂ ਗਈਆਂ। ਇਸ ਮੌਕੇ ਸੰਤ ਬਾਬਾ ਰਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਰਾ ਸ਼੍ਰੀ ਭਜਨਗੜ ਦੀ ਸਥਾਪਨਾ ਮਹਾਨ ਤਪੱਸਵੀ ਸ਼੍ਰੀ ਮਾਨ 108 ਸੰਤ ਬਾਬਾ ਵਚਨ ਸਿੰਘ ਨੇ ਪਿੰਡ ਲਾਲੇ ਵਾਲਾ ਜ਼ਿਲ੍ਹਾ ਮਿੰਟਗੁੰਬਰੀ ਪਾਕਿਸਤਾਨ ਵਿਚ ਕੀਤੀ ਅਤੇ ਦੇਸ਼ ਦੀ ਵੰਡ ਤੋਂ ਬਾਅਦ ਡੇਰਾ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਸਥਾਪਿਤ ਹੋਇਆ। ਉਹਨਾਂ ਦੀ ਚਲਾਈ ਮਰਿਆਦਾ ਅਨੁਸਾਰ ਪਹਿਲੀ ਹਾੜ੍ਹ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਆਰੰਭ ਹੈ। ਜਿਸ ਦੀ ਸਮਾਪਤੀ ਪਹਿਲੀ ਸਾਵਣ 16 ਜੁਲਾਈ ਨੂੰ ਸੰਗਰਾਂਦ ਵਾਲੇ ਦਿਨ ਹੋਵੇਗੀ। ਇਸ ਅਸਥਾਨ ’ਤੇ ਨਿਰੋਲ ਗੁਰਬਾਣੀ ਦਾ ਪ੍ਰਚਾਰ ਹੁੰਦਾ ਹੈ ਅਤੇ ਗੁਰਬਾਣੀ ਨਾਲ ਜੋੜਨ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਜਿਸ ਦੀ ਬਦੋਲਤ ਇਲਾਕੇ ਤੋ ਇਲਾਵਾ ਵਿਦੇਸ਼ਾ ਦੀਆਂ ਸੰਗਤਾਂ ਵੀ ਡੇਰਾ ਸ਼੍ਰੀ ਭਜਨ ਗੜ ਨਾਲ ਜੁੜੀਆਂ ਹੋਈਆਂ ਹਨ।