ਫ਼ਿਰੋਜ਼ਪੁਰ, 3 ਜੁਲਾਈ (ਗੁਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਵਰਕਰਾਂ ਨੂੰ ਸਰਗਰਮ ਕਰਨ ਦੇ ਉਦੇਸ਼ ਨਾਲ ਸਰਕਲ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਅੱਜ ਸਰਕਲ ਨੰਬਰ 6 ਦੇ ਪ੍ਰਧਾਨ ਪ੍ਰਮੋਦ ਕੁਮਾਰ ਚੌਧਰੀ ਦੇ ਗ੍ਰਹਿ ਵਿਖੇ ਇਲਾਕਾ ਨਿਵਾਸੀਆਂ ਅਤੇ ਪਾਰਟੀ ਵਰਕਰਾਂ ਦੀ ਪ੍ਰਭਾਵਸ਼ਾਲੀ ਮੀਟਿੰਗ ਹੋਈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਵਨੀਤ ਕੁਮਾਰ ਗੋਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਕਲਸੀ, ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਕਲਸੀ ਅਤੇ ਹਲਕਾ ਸ਼ਹਿਰੀ ਪ੍ਰਧਾਨ ਐੱਸ.ਸੀ. ਵਿੰਗ ਮਨੋਹਰ ਲਾਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵਨੀਤ ਕੁਮਾਰ ਗੋਰਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹਲਕਾ ਇੰਚਾਰਜ ’ਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਜਥੇਬੰਦਕ ਢਾਂਚੇ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਹੀ ਅਕਾਲੀ ਦਲ ਦੀ ਅਸਲ ਤਾਕਤ ਹਨ ਅਤੇ ਹਰ ਵਰਕਰ ਨੂੰ ਲੋਕਾਂ ਨਾਲ ਨਿਰੰਤਰ ਸੰਪਰਕ ਬਣਾਈ ਰੱਖਦਿਆਂ ਪਾਰਟੀ ਦੀਆਂ ਨੀਤੀਆਂ ਅਤੇ ਲੋਕ ਹਿਤ ਦੇ ਮੁੱਦਿਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹਲਕੇ ਦੇ ਹਰ ਸਰਕਲ ਵਿਚ ਅਜਿਹੀਆਂ ਮੀਟਿੰਗਾਂ ਕਰਕੇ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਨਵੇਂ ਵਰਕਰਾਂ ਨੂੰ ਵੀ ਪਾਰਟੀ ਨਾਲ ਜੋੜਿਆ ਜਾਵੇਗਾ। ਮੀਟਿੰਗ ਦੌਰਾਨ ਇਲਾਕੇ ਨਾਲ ਸਬੰਧਿਤ ਵੱਖ-ਵੱਖ ਜਨਤਕ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਾਰਟੀ ਪਲੇਟਫ਼ਾਰਮ ਰਾਹੀਂ ਉਠਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸੀਨੀਅਰ ਆਗੂ ਆਸ਼ੂ ਕਪਾਹੀ, ਬੰਟੀ ਸ਼ਰਮਾ, ਕੁਲਦੀਪ ਸ਼ਰਮਾ, ਕੁਲਦੀਪ ਖੁੱਲਰ, ਰਾਕੇਸ਼ ਮੈਣੀ, ਰਾਜੇਸ਼ ਉੱਪਲ, ਰਿਸ਼ੂ ਮਹਿਤਾ, ਰਿੰਕੂ ਮਹਿਤਾ, ਸੋਨੂੰ ਨੰਦਰਾਯੋਗ, ਪ੍ਰਬਲ ਬਜਾਜ, ਕਮਲ ਖੁੱਲਰ, ਵਿਕੀ ਮਿਗਲਾਨੀ, ਦੇਸ ਰਾਜ ਮਹਿਤਾ, ਰਵਿੰਦਰ ਨੰਦਰਾਯੋਗ, ਰਜਿੰਦਰ ਨੰਦਰਾਯੋਗ, ਮੁਨੀਸ਼ ਹਾਂਡਾ ਆਦਿ ਇਲਾਕਾ ਵਾਸੀਆਂ ਨੇ ਵੀ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੂਰੇ ਉਤਸ਼ਾਹ ਨਾਲ ਕੰਮ ਕਰਨ ਦਾ ਸੰਕਲਪ ਦੁਹਰਾਇਆ।