ਫ਼ਿਰੋਜ਼ਪੁਰ, 3 ਜੁਲਾਈ (ਕੁਲਬੀਰ ਸਿੰਘ ਸੋਢੀ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਆਪਣੇ ਸਾਰੇ ਅਹਿਮ ਵਾਅਦੇ ਸਫਲਤਾਪੂਰਵਕ ਪੂਰੇ ਕਰ ਦਿੱਤੇ ਹਨ ਅਤੇ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਔਰਤਾਂ ਦੇ ਖਾਤਿਆਂ ਵਿਚ ਤਿੰਨ ਮਹੀਨਿਆਂ ਦੀ ਬਕਾਇਆ ਰਾਸ਼ੀ ਜਮ੍ਹਾਂ ਕਰਵਾ ਕੇ ਸਰਕਾਰ ਨੇ ਆਪਣੀ ਆਖ਼ਰੀ ਮੁੱਖ ਗਾਰੰਟੀ ਨੂੰ ਵੀ ਪੂਰਾ ਕਰ ਦਿੱਤਾ ਹੈ। ਇਹ ਪ੍ਰਗਟਾਵਾ ਹਲਕਾ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ਨੇ ਗੱਲਬਾਤ ਕਰਨ ਸਮੇਂ ਕੀਤਾ। ਵਿਧਾਇਕ ਦਹੀਆ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੀਆਂ ਮਹਿਲਾਵਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਤਹਿਤ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਸਿੱਧੇ ਤੌਰ ’ਤੇ ਤਿੰਨ ਮਹੀਨਿਆਂ ਦੇ ਬਣਦੇ ਪੈਸੇ ਵੀ ਟਰਾਂਸਫ਼ਰ ਕੀਤੇ ਗਏ ਹਨ। ਜਿਸ ਨਾਲ ਸਰਕਾਰ ਦਾ ਇਕ ਹੋਰ ਵੱਡਾ ਚੋਣ ਵਾਅਦਾ ਹਕੀਕਤ ਵਿਚ ਬਦਲ ਗਿਆ ਹੈ। ਉਨ੍ਹਾਂ ਪੂਰੇ ਭਰੋਸੇ ਨਾਲ ਕਿਹਾ ਕਿ ਜਨਤਾ ਦੇ ਇਸੇ ਸਹਿਯੋਗ ਸਦਕਾ ਆਮ ਆਦਮੀ ਪਾਰਟੀ ਸਾਲ 2027 ਵਿਚ ਹੋਣ ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਵੱਡੀ ਜਿੱਤ ਪ੍ਰਾਪਤ ਕਰੇਗੀ ਅਤੇ ਸੂਬੇ ਵਿਚ ਦੁਬਾਰਾ ਆਪਣੀ ਸਰਕਾਰ ਬਣਾ ਕੇ ਲੋਕ ਸੇਵਾ ਦਾ ਸਿਲਸਿਲਾ ਜਾਰੀ ਰੱਖੇਗੀ।