ਗੁਰੂਹਰਸਹਾਏ, 3 ਜੁਲਾਈ (ਕਪਿਲ ਕੰਧਾਰੀ)-ਅੱਤ ਦੀ ਗਰਮੀ ਦੇ ਦੌਰਾਨ ਗੁਰੂਹਰਸਹਾਏ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਲੱਗ ਰਹੇ ਲੰਬੇ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਸਪਲਾਈ ਵਿਚ ਵਾਰ-ਵਾਰ ਆ ਰਹੀ ਰੁਕਾਵਟ ਕਾਰਨ ਲੋਕਾਂ ਵਿਚ ਨਾਰਾਜ਼ਗੀ ਵੇਖੀ ਜਾ ਰਹੀ ਹੈ ਅਤੇ ਉਹ ਸਰਕਾਰ ਅਤੇ ਬਿਜਲੀ ਵਿਭਾਗ ਪ੍ਰਤੀ ਆਪਣਾ ਰੋਸ ਪ੍ਰਗਟ ਕਰ ਰਹੇ ਹਨ। ਇਸ ਸਬੰਧੀ ਜਦੋਂ ਸ਼ਹਿਰੀ ਐਸ.ਡੀ.ਓ. ਗੁਰਪ੍ਰੀਤ ਸਿੰਘ ਬਾਠ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਦਿਕ ਗਰਿੱਡ ਵਿਚ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਸਾਦਿਕ ਵਿਖੇ ਲੱਗੇ ਦੋ 220 ਕੇ.ਵੀ ਟਰਾਂਸਫ਼ਾਰਮਰਾਂ ਵਿਚੋਂ ਇਕ ਦਾ ਬੁਸ਼ ਖ਼ਰਾਬ ਹੋ ਗਿਆ ਹੈ। ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਐਸ.ਡੀ.ਓ. ਬਾਠ ਨੇ ਦੱਸਿਆ ਕਿ ਖ਼ਰਾਬ ਹੋਇਆ ਬੁਸ਼ ਅਤੇ ਹੋਰ ਲੋੜੀਂਦਾ ਸਮਾਨ ਮੰਗਵਾ ਲਿਆ ਹੈ ਅਤੇ ਮੁਰੰਮਤ ਦਾ ਕੰਮ ਜਾਰੀ ਹੈ ਅਤੇ ਉਮੀਦ ਹੈ ਕਿ ਅਗਲੇ ਇਕ-ਦੋ ਦਿਨਾਂ ਵਿਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਸਧਾਰਨ ਹੋ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਸਾਦਿਕ ਗਰਿੱਡ ਵਿਚ ਆਈ ਖ਼ਰਾਬੀ ਕਾਰਨ ਪ੍ਰਭਾਵਿਤ ਇਲਾਕਿਆਂ ਅਤੇ ਸ਼ਹਿਰਾਂ ਨੂੰ ਬਿਜਲੀ ਰੋਟੇਸ਼ਨ ਅਨੁਸਾਰ ਦਿੱਤੀ ਜਾ ਰਹੀ ਹੈ, ਤਾਂ ਜੋ ਸਾਰੇ ਖਪਤਕਾਰਾਂ ਨੂੰ ਕੁੱਝ ਨਾ ਕੁੱਝ ਸਮੇਂ ਲਈ ਬਿਜਲੀ ਮਿਲਦੀ ਰਹੇ ਅਤੇ ਲੋਕਾਂ ਦੇ ਰੋਜ਼ਾਨਾ ਕੰਮਕਾਜ ’ਤੇ ਘੱਟ ਤੋਂ ਘੱਟ ਅਸਰ ਪਵੇ।