ਫ਼ਿਰੋਜ਼ਪੁਰ, 6 ਜੁਲਾਈ (ਗੁਰਿੰਦਰ ਸਿੰਘ)-ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵਿਖੇ ਜੁਲਾਈ 2026 ਤੋਂ ਦਸੰਬਰ 2026 ਸੈਸ਼ਨ ਲਈ ਚੱਲ ਰਹੇ ਉਰਦੂ ਆਮੋਜ਼ ਸਿਖਲਾਈ ਕੋਰਸ ਦੇ ਦਾਖ਼ਲਿਆਂ ਦੀ ਆਖ਼ਰੀ ਮਿਤੀ 15 ਜੁਲਾਈ 2026 ਤੱਕ ਵਧਾ ਦਿੱਤੀ ਗਈ ਹੈ। ਪਹਿਲਾਂ ਇਹ ਮਿਤੀ 30 ਜੂਨ ਨਿਰਧਾਰਿਤ ਕੀਤੀ ਗਈ ਸੀ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਜਗਦੀਪ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੋਰਸ 6 ਮਹੀਨੇ ਦਾ ਹੈ ਅਤੇ ਕਲਾਸਾਂ ਹਰ ਰੋਜ਼ ਸ਼ਾਮ 5:15 ਤੋਂ 6:15 ਵਜੇ ਤੱਕ ਲੱਗਣਗੀਆਂ। ਕੋਰਸ ਲਈ ਯਕਮੁਸ਼ਤ ਫ਼ੀਸ 500 ਰੁਪਏ ਨਿਰਧਾਰਿਤ ਕੀਤੀ ਗਈ ਹੈ। ਡਾ.ਸੰਧੂ ਨੇ ਦੱਸਿਆ ਕਿ ਇਹ ਕੋਰਸ ਪੰਜਾਬੀ ਮਾਧਿਅਮ ਰਾਹੀਂ ਕਰਵਾਇਆ ਜਾਂਦਾ ਹੈ। ਇਸ ਵਿਚ ਵਿਦਿਆਰਥੀ, ਸਰਕਾਰੀ ਅਤੇ ਨਿੱਜੀ ਅਦਾਰਿਆਂ ਦੇ ਕਰਮਚਾਰੀ, ਸੇਵਾਮੁਕਤ ਮੁਲਾਜ਼ਮ ਅਤੇ ਆਮ ਨਾਗਰਿਕ ਦਾਖ਼ਲਾ ਲੈ ਸਕਦੇ ਹਨ। ਕਿਸੇ ਵੀ ਉਮਰ ਵਰਗ ਦਾ ਇੱਛੁਕ ਵਿਅਕਤੀ ਇਸ ਕੋਰਸ ਲਈ ਅਰਜ਼ੀ ਦੇ ਸਕਦਾ ਹੈ। ਫਾਰਮ ਭਰਨ ਸਮੇਂ ਬਿਨੈਕਾਰ ਨੂੰ ਆਧਾਰ ਕਾਰਡ, ਵਿੱਦਿਅਕ ਯੋਗਤਾ ਦਾ ਸਰਟੀਫਿਕੇਟ ਅਤੇ ਪਾਸਪੋਰਟ ਆਕਾਰ ਦੀ ਤਸਵੀਰ ਨਾਲ ਲਿਆਉਣੀ ਹੋਵੇਗੀ। ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਨਿੱਜੀ ਅਦਾਰਿਆਂ ਦੇ ਕਰਮਚਾਰੀਆਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਇਸ ਕੋਰਸ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਰਸ ਪੂਰਾ ਕਰਨ ਅਤੇ ਵਿਭਾਗੀ ਪ੍ਰੀਖਿਆ ਪਾਸ ਕਰਨ ਉਪਰੰਤ ਭਾਸ਼ਾ ਵਿਭਾਗ, ਪੰਜਾਬ ਵਲੋਂ ਪ੍ਰਮਾਣਿਤ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਕਲਰਕ ਚੇਤਨ ਕੁਮਾਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।