ਤਲਵੰਡੀ ਭਾਈ, 8 ਜੁਲਾਈ (ਕੁਲਜਿੰਦਰ ਸਿੰਘ ਗਿੱਲ)-ਨਗਰ ਕੌਂਸਲਾਂ ਦੇ ਕਾਮਿਆਂ ਨੂੰ ਹੜਤਾਲ ਕਰਨ ਦੇ ਸੱਦੇ ਤਹਿਤ ਨਗਰ ਕੌਂਸਲ ਤਲਵੰਡੀ ਭਾਈ ਦੇ ਸਫ਼ਾਈ ਕਾਮਿਆਂ ਵਲੋਂ ਤੋਂ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸਫ਼ਾਈ ਕਾਮਿਆਂ ਵਲੋਂ ਹੜਤਾਲ ਕਰਕੇ ਸਥਾਨਿਕ ਨਗਰ ਕੌਂਸਲ ਦਫਤਰ ਮੂਹਰੇ ਧਰਨਾ ਮਾਰਿਆ ਗਿਆ। ਇਸ ਮੌਕੇ ’ਤੇ ਕਾਮਿਆਂ ਵਲੋਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਸਮੇਂ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ ਨੇ ਕਿਹਾ ਕਿ ਮਿਉਂਸੀਪਲ ਅਦਾਰਿਆਂ ਅੰਦਰ ਠੇਕਾ ਪ੍ਰਣਾਲੀ ਬੰਦ ਕਰਕੇ ਕਰਮਚਾਰੀਆਂ ਦੀ ਪੱਕੀ ਭਰਤੀ ਕੀਤੀ ਜਾਵੇ ਜਦਕਿ ਸਥਾਨਿਕ ਸਰਕਾਰਾਂ ਅਦਾਰਿਆਂ ਨੂੰ ਮਿਲ ਵਾਲੇ ਵੈਟ ਦੀ ਹਿੱਸੇਦਾਰੀ ਵਧਾਈ ਜਾਵੇ। ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਸਿਧਾਂਤ ਲਾਗੂ ਕੀਤਾ ਜਾਵੇ, ਕਰਮਚਾਰੀਆਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਅਤੇ ਆਊਟ ਸੋਰਸ ਅਤੇ ਠੇਕੇ ’ਤੇ ਕੰਮ ਕਰਦੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ। ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਆਊਟ ਸੋਰਸ ਅਤੇ ਠੇਕਾ ਪ੍ਰਣਾਲੀ ’ਤੇ ਰੱਖੇ ਕਾਮਿਆਂ ਦਾ ਲੰਬੇ ਸਮੇਂ ਤੋਂ ਸ਼ੋਸ਼ਣ ਕਰਦੀ ਆ ਰਹੀ ਆ ਰਹੀ ਹੈ ਅਤੇ ਇਨ੍ਹਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲਗਾਤਾਰ ਅਣਗਲਿਆਂ ਕੀਤਾ ਜਾ ਰਿਹਾ ਹੈ। ਇਸ ਸਮੇਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਾਮਿਆਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇ ਸੰਘਰਸ਼ ਖ਼ਤਮ ਕਰਵਾਇਆ ਗਿਆ ਸੀ ਪ੍ਰੰਤੂ ਸਰਕਾਰ ਇਕ ਵਾਰ ਫਿਰ ਵਾਅਦਿਆਂ ਤੋਂ ਮੁੱਕਰ ਗਈ ਹੈ। ਜਿਸ ਕਾਰਨ ਸਫ਼ਾਈ ਕਾਮੇਂ ਮੁੜ ਸੰਘਰਸ਼ ਕਰਨ ਲਈ ਮਜਬੂਰ ਹਨ।