ਫ਼ਾਜ਼ਿਲਕਾ, 8 ਜੁਲਾਈ (ਅਮਰਜੀਤ ਸ਼ਰਮਾ)-ਇਲਾਕੇ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਵਾਤਾਵਰਨ ਦੀ ਸੰਭਾਲ ਅਤੇ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਥਾਨਕ ਸ਼੍ਰੀ ਬਾਲਾ ਜੀ ਧਾਮ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ। ਕਲੱਬ ਦੇ ਪ੍ਰਧਾਨ ਅਸ਼ੋਕ ਵਾਟਸ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਸ਼ਰਧਾਲੂਆਂ ਨੂੰ ਤੁਲਸੀ ਦੇ ਬੂਟੇ ਵੰਡੇ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਅਸ਼ੋਕ ਵਾਟਸ ਅਤੇ ਸਕੱਤਰ ਸੰਜੀਵ ਗਰੋਵਰ ਨੇ ਹਾਜ਼ਰ ਸੰਗਤਾਂ ਨੂੰ ਤੁਲਸੀ ਦੇ ਬੂਟੇ ਦੇ ਚਿਕਿਤਸਿਕ (ਔਸ਼ਧੀ) ਅਤੇ ਧਾਰਮਿਕ ਮਹੱਤਵ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਤੁਲਸੀ ਦਾ ਪੌਦਾ ਨਾ ਸਿਰਫ਼ ਸਾਡੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸ਼ੁੱਧ ਰੱਖਦਾ ਹੈ, ਸਗੋਂ ਮਨੁੱਖੀ ਸਿਹਤ ਲਈ ਵੀ ਬੇਹੱਦ ਗੁਣਕਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਤੁਲਸੀ ਦੇ ਪੌਦੇ ਨਾਲ ਲੋਕਾਂ ਦੀ ਧਾਰਮਿਕ ਆਸਥਾ ਜੁੜੀ ਹੋਈ ਹੈ, ਜਿਸ ਕਾਰਨ ਸ਼ਰਧਾਲੂ ਇਨ੍ਹਾਂ ਪੌਦਿਆਂ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਆਪਣੇ ਘਰਾਂ ਵਿਚ ਲਗਾਉਂਦੇ ਹਨ ਅਤੇ ਇਨ੍ਹਾਂ ਦੀ ਦੇਖਭਾਲ ਕਰਦੇ ਹਨ। ਪੌਦੇ ਵੰਡਣ ਤੋਂ ਪਹਿਲਾਂ ਕਲੱਬ ਦੇ ਮੈਂਬਰਾਂ ਵਲੋਂ ਮੰਦਰ ਵਿਚ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਸਾਂਝੀ ਪ੍ਰਾਰਥਨਾ ਕੀਤੀ ਗਈ। ਇਸ ਉਪਰੰਤ ਮੰਦਰ ਵਿਚ ਆਏ ਸ਼ਰਧਾਲੂਆਂ ਨੂੰ ਕਰੀਬ 200 ਤੁਲਸੀ ਦੇ ਪੌਦੇ ਮੁਫ਼ਤ ਵੰਡੇ ਗਏ। ਇਸ ਮੌਕੇ ਕੈਸ਼ੀਅਰ ਨੀਰਜ ਸ਼ਰਮਾ, ਪ੍ਰੋਜੈਕਟ ਸਕੱਤਰ ਪ੍ਰਿੰਸੀਪਲ ਅਸ਼ਵਨੀ ਅਹੂਜਾ, ਓ.ਪੀ.ਸਚਦੇਵਾ, ਨਰਿੰਦਰ ਸਚਦੇਵਾ, ਇੰਜੀ.ਨਰੇਸ਼ ਜੁਨੇਜਾ, ਵਿਨੋਦ ਸਚਦੇਵਾ, ਡਾ. ਵਿਕਾਸ ਗਾਂਧੀ, ਐਡਵੋਕੇਟ ਸ਼ੇਖਰ ਛਾਬੜਾ, ਸੁਨੀਲ ਰਾਣਾ, ਪਵਨ ਬਜਾਜ, ਰਮਨ ਸਚਦੇਵਾ, ਇੰਜੀ. ਪ੍ਰਦੀਪ ਸੇਠੀ, ਗੌਰਵ ਕੁੱਕੜ, ਮਹੇਸ਼ ਬੱਬਰ, ਸਤੀਸ਼ ਸਚਦੇਵਾ, ਕਵਿਤਾ ਗਰੋਵਰ, ਨੀਲਮ ਸਚਦੇਵਾ, ਸੁਨੀਤਾ ਸਚਦੇਵਾ, ਪ੍ਰਿਆ ਸੇਠੀ, ਰਾਸ਼ੀ ਸਚਦੇਵਾ, ਸਾਨੀਆ ਛਾਬੜਾ ਅਤੇ ਵੀਣਾ ਠਠਈ ਸਮੇਤ ਵੱਡੀ ਗਿਣਤੀ ਵਿਚ ਕਲੱਬ ਮੈਂਬਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ।