ਮਮਦੋਟ, 10 ਜੁਲਾਈ (ਸੁਖਦੇਵ ਸਿੰਘ ਸੰਗਮ)-ਸਿਵਲ ਹਸਪਤਾਲ ਮਮਦੋਟ ਦੇ ਐਕਸ-ਰੇ ਰੂਮ ਨੂੰ ਟੈਕਨੀਸ਼ੀਅਨ ਵਲੋਂ ਅੱਧੀ ਰਾਤ ਨੂੰ ਖੋਲ੍ਹਣ ’ਤੇ ਕਿਸੇ ਝਗੜੇ ਵਿਚ ਜ਼ਖਮੀ ਅਤੇ ਹਸਪਤਾਲ ਵਿਚ ਦਾਖਲ ਔਰਤ ਦੇ ਪਰਿਵਾਰ ਦੁਆਰਾ ਹੰਗਾਮਾ ਕਰਦਿਆਂ ਮਾਮਲੇ ਦੀ ਨਿਰਪੱਖ ਜਾਚ ਦੀ ਮੰਗ ਕੀਤੀ ਹੈ। ਜਦ ਕਿ ਹਸਪਤਾਲ ਪ੍ਰਸ਼ਾਸਨ ਵਲੋਂ ਮਾਮਲੇ ਸੰਬੰਧੀ ਉੱਚ ਅਧਿਕਾਰੀ ਨੂੰ ਜਾਣੂ ਕਰਵਾਏ ਜਾਣ ਦੀ ਗੱਲ ਆਖੀ ਗਈ ਹੈ। ਪੀੜਤ ਧਿਰ ਮੁਤਾਬਿਕ ਮਮਦੋਟ ਦੇ ਪਿੰਡ ਚਪਾਤੀ ਵਿਖੇ ਜ਼ਮੀਨੀ ਝਗੜੇ ਵਿਚ ਉਨ੍ਹਾਂ ਦੀ ਇਕ ਔਰਤ ਜ਼ਖਮੀ ਹੋ ਗਈ ਸੀ। ਜਿਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਅਤੇ ਇਸੇ ਦੌਰਾਨ ਝਗੜੇ ਦੀ ਦੂਜੀ ਧਿਰ ਦੇ ਲੋਕ ਵੀ ਹਸਪਤਾਲ ਵਿਚ ਦਾਖਲ ਸਨ। ਜੋ ਸ਼ਾਮ ਨੂੰ ਛੁੱਟੀ ਲੈ ਕੇ ਆਪਣੇ ਘਰ ਚਲੇ ਗਏ ਸਨ। ਉਕਤ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਰਾਤ ਕਰੀਬ 12 ਵਜੇ ਦੂਜੀ ਧਿਰ ਦੇ ਕੁੱਝ ਵਿਅਕਤੀ ਦੁਬਾਰਾ ਹਸਪਤਾਲ ਵਿਚ ਆਏ ਅਤੇ ਇਸ ਦੌਰਾਨ ਹਸਪਤਾਲ ਦਾ ਰੇਡੀਓਗ੍ਰਾਫਰ ਵੀ ਜੋ ਆਪਣੀ ਡਿਊਟੀ ਪਹਿਲਾਂ ਖ਼ਤਮ ਕਰਕੇ ਜਾ ਚੁੱਕਾ ਸੀ, ਉਹ ਵੀ ਵਾਪਸ ਆਇਆ ਅਤੇ ਐਕਸ-ਰੇ ਰੂਮ ਖ਼ੋਲ ਕੇ ਅੰਦਰ ਕੁੱਝ ਕੰਮ ਕਰਨ ਲੱਗ ਪਿਆ। ਜਦੋਂ ਉਨ੍ਹਾਂ ਵਲੋਂ ਇਸ ਦਾ ਕਾਰਨ ਪੁੱਛਿਆ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆ। ਇਸ ਮੌਕੇ ਪਰਿਵਾਰ ਨੇ ਦੋਸ਼ ਲਾਇਆ ਕਿ ਇਸ ਘਟਨਾ ਨਾਲ ਉਨ੍ਹਾਂ ਨੂੂੰ ਸ਼ੱਕ ਹੈ ਕਿ ਹਸਪਤਾਲ ਦਾ ਉਕਤ ਕਰਮਚਾਰੀ ਕਥਿਤ ਤੌਰ ’ਤੇ ਦੂਜੀ ਧਿਰ ਨਾਲ ਮਿਲ ਦੇ ਸਾਡੇ ਮਰੀਜ਼ ਦੇ ਖ਼ਿਲਾਫ਼ ਕੋਈ ਗ਼ਲਤ ਰਿਪੋਰਟ ਬਣਾਉਣ ਆਇਆ ਸੀ। ਇਸ ਮਾਮਲੇ ਸਬੰਧੀ ਹਸਪਤਾਲ ਪ੍ਰਸ਼ਾਸਨ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਮਮਦੋਟ ਡਾ.ਰੇਖਾ ਭੱਟੀ ਨੇ ਦੱਸਿਆਂ ਕਿ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ਦੇ ਨਾਲ-ਨਾਲ ਰੇਡੀਉਗ੍ਰਾਫਰ ਨੂੰ ਵੀ ਸਪਸ਼ਟੀਕਰਨ ਦੇਣ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।