ਸੰਗਤ ਮੰਡੀ, 4 ਅਪ੍ਰੈਲ (ਸੁਖਤੇਜ ਧਾਲੀਵਾਲ)-ਪਿਛਲੇ ਇਕ ਹਫ਼ਤੇ ਤੋਂ ਮੌਸਮ ਦੇ ਬਦਲੇ ਮਿਜ਼ਾਜ਼ ਨੇ ਕਿਸਾਨਾਂ ਨੂੰ ਫ਼ਿਕਰਾਂ ਵਿਚ ਪਾਕੇ ਰੱਖ ਦਿੱਤਾ ਹੈ | ਇਸ ਵੇਲੇ ਪੱਕ ਕੇ ਤਿਆਰ ਹੋਈ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਬੇਰੁੱਤੇ ਮੀਂਹ ਤੇ ਗੜ੍ਹੇਮਾਰੀ ਦੀ ਭੇਟ ਚੜ੍ਹਕੇ ਖ਼ਰਾਬ ਹੋ ਰਹੀ ਹੈ | ਅੱਜ ਸ਼ਾਮ ਸਮੇਂ ਸੰਗਤ ਇਲਾਕੇ 'ਚ ਆਏ ਮੀਂਹ ਅਤੇ ਤੇਜ਼ ਝੱਖੜ ਨੇ ਕਣਕ ਦੀ ਪੱਕੀ ਫ਼ਸਲ ਨੂੰ ਧਰਤੀ 'ਤੇ ਵਿਛਾ ਦਿੱਤਾ ਹੈ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਸੱਟ ਲੱਗੇਗੀ | ਕਈ ਪਿੰਡਾਂ ਅੰਦਰ ਮੀਂਹ ਨਾਲ ਬਾਰੀਕ ਗੜੇਮਾਰੀ ਵੀ ਹੋਈ ਦੱਸੀ ਗਈ ਹੈ ਜੋ ਹਾੜ੍ਹੀ ਦੀਆਂ ਫ਼ਸਲਾਂ ਲਈ ਨੁਕਸਾਨ ਦਾ ਕਾਰਨ ਹੈ | ਚੇਤ ਮਹੀਨੇ ਦੇ ਸ਼ੁਰੂ ਵਿਚ ਕਿਸਾਨਾਂ ਵਲੋਂ ਕਣਕ ਅਤੇ ਸਰੋਂ ਦੀ ਫ਼ਸਲ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ, ਪਰ ਇਸ ਵਾਰ ਕੁਦਰਤੀ ਕਰੋਪੀ ਕਾਰਨ ਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਚਿੰਤਾ ਹੋਰ ਵਧਾ ਦਿੱਤੀਆਂ ਹਨ | ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਬਾਰ ਬੇਰੁੱਤੇ ਮੀਂਹ ਪੈਣ ਨਾਲ ਪਹਿਲਾਂ ਹੀ ਕਰਜ਼ੇ 'ਚ ਡੁੱਬੀ ਕਿਸਾਨੀ ਨੂੰ ਆਰਥਿਕ ਤੌਰ 'ਤੇ ਹੋਰ ਨੁਕਸਾਨ ਹੋਣ ਦਾ ਖ਼ਦਸ਼ਾ ਜ਼ਾਹਰ ਹੋ ਰਿਹਾ ਹੈ | ਜਿਸ ਨਾਲ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਇਸ ਵੇਲੇ ਖ਼ਰਾਬ ਹੋ ਰਹੀਆਂ ਫ਼ਸਲਾਂ ਨੂੰ ਦੇਖ ਕੇ ਚਿੰਤਾ ਦੇ ਆਲਮ ਵਿਚ ਡੁੱਬ ਗਿਆ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਚੇਤ ਮਹੀਨੇ 'ਚ ਲਗਾਤਾਰ ਮੀਂਹ ਪੈਣਾ ਬਰਬਾਦੀ ਦੀ ਨਿਸ਼ਾਨੀ ਹੈ | ਪਰ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਹੈ | ਅੱਜ ਸੰਗਤ ਇਲਾਕੇ ਅੰਦਰ ਸ਼ਾਮ ਸਮੇਂ ਪਏ ਮੀਂਹ ਨਾਲ ਕਿਸਾਨਾਂ ਦੀ ਕਣਕ ਦੀ ਪੱਕੀ ਫ਼ਸਲ ਧਰਤੀ 'ਤੇ ਵਿਛ ਗਈ ਹੈ | ਜਿਸ ਨਾਲ ਉਨ੍ਹਾਂ ਨੂੰ ਕਣਕ ਦੀ ਵਢਾਈ ਕਰਵਾਉਣ ਸਮੇਂ ਵੀ ਭਾਰੀ ਦਿੱਕਤ ਪੇਸ਼ ਆਵੇਗੀ ਅਤੇ ਧਰਤੀ ਤੇ ਵਿਛੀ ਕਣਕ ਦਾ ਦਾਣਾ ਵੀ ਖ਼ਰਾਬ ਹੋਣ ਦਾ ਖਦਸ਼ਾ ਹੈ | ਮੀਂਹ ਅਤੇ ਝੱਖੜ ਕਾਰਨ ਕਣਕ ਦੀ ਪੱਕੀ ਫ਼ਸਲ ਧਰਤੀ 'ਤੇ ਵਿਛੀ | ਤਸਵੀਰ: ਸੁਖਤੇਜ ਧਾਲੀਵਾਲ