ਰਾਮਾਂ ਮੰਡੀ, 21 ਮਈ (ਤਰਸੇਮ ਸਿੰਗਲਾ)-ਨਗਰ ਕੌਂਸਲ ਚੋਣਾਂ ਰਾਮਾਂ ਮੰਡੀ ਲਈ 19 ਮਈ ਨੂੰ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੇ ਸਮੇਂ ਤੋਂ ਬਾਅਦ ਕੁਲ ਕਿੰਨੇ ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ, ਇਸ ਬਾਰੇ ਅਧਿਕਾਰੀਆਂ ਵਲੋਂ ਪੱਤਰਕਾਰਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ | ਇਸਦਾ ਵੱਡਾ ਕਾਰਨ ਇਹ ਹੈ ਕਿ ਨਗਰ ਕੌਂਸਲ ਦਫ਼ਤਰ ਤੋਂ 200 ਮੀਟਰ ਦੂਰ ਪੁਲਿਸ ਵਲੋਂ ਬੈਰੀਕੇਡਿੰਗ ਕਰਕੇ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕੀਤੀ ਗਈ ਸੀ | ਪੁਲਿਸ ਦਾ ਰਵੱਈਆ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਉਮੀਦਵਾਰ, ਆਮ ਲੋਕਾਂ ਅਤੇ ਪੱਤਰਕਾਰਾਂ ਪ੍ਰਤੀ ਬਹੁਤ ਵੀ ਮਾੜਾ ਰਿਹਾ | ਪੁਲਿਸ ਵਲੋਂ ਇਕ ਵੀ ਪੱਤਰਕਾਰ ਨੂੰ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਫੋਟੋ ਨਹੀਂ ਲੈਣ ਦਿੱਤੀ ਗਈ | ਇਹ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਭਾਵੇਂ ਨਗਰ ਕੌਂਸਲ ਚੋਣਾਂ ਲਈ ਚੋਣ ਪ੍ਰਚਾਰ ਵੀ ਸ਼ੁਰੂ ਹੋ ਚੁੱਕਿਆ ਹੈ ਅਤੇ ਚੋਣ ਦਫ਼ਤਰਾਂ ਦੇ ਉਦਘਾਟਨ ਵੀ ਕੀਤੇ ਜਾ ਰਹੇ ਹਨ, ਕੁਲ ਕਿੰਨੇ ਉਮੀਦਵਾਰ ਚੋਣ ਮੈਦਾਨ ਵਿਚ ਹਨ, ਇਕ ਵੀ ਲੀਡਰ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ |