07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਭੀਖੀ ਡਿਸਟ੍ਰੀਬਿਊਟਰੀ 'ਚ ਪਾੜ ਪੈਣ ਨਾਲ ਸੈਂਕੜੇ ਏਕੜ ਜ਼ਮੀਨ 'ਚ ਪਾਣੀ ਭਰਿਆ <br/>

Ad Position 21
No active advertisement
ਭੀਖੀ ਵਿਖੇ ਨਹਿਰ 'ਚ ਪਿਆ ਪਾੜ (ਸੱਜੇ) ਖੇਤਾਂ 'ਚ ਭਰਿਆ ਪਾਣੀ | ਤਸਵੀਰਾਂ : ਬਲਕਾਰ ਸਿੰਘ ਸਹੋਤਾ <br/> 14-06-2026
ਭੀਖੀ, 13 ਜੂਨ (ਬਲਕਾਰ ਸਿੰਘ ਸਹੋਤਾ)- ਭੀਖੀ ਡਿਸਟ੍ਰੀਬਿਊਟਰੀ (ਨਹਿਰ) 'ਤੇ ਨੈਸ਼ਨਲ ਕਾਲਜ ਦੇ ਨਜ਼ਦੀਕ ਧਲੇਵਾਂ ਰੋਡ 'ਤੇ ਨਿਰਮਾਣ ਅਧੀਨ ਪੁਲ ਕੋਲ ਨਹਿਰ ਵਿਚ ਸ਼ਹਿਰ ਵਾਲੇ ਪਾਸੇ ਵੱਡਾ ਪਾੜ ਪੈ ਗਿਆ, ਜਿਸ ਕਾਰਨ ਦਰਜਨਾਂ ਮਕਾਨਾਂ ਤੋਂ ਇਲਾਵਾ ਸੈਂਕੜੇ ਏਕੜ ਜ਼ਮੀਨ ਪ੍ਰਭਾਵਿਤ ਹੋਈ ਹੈ | ਖੇਤਾਂ ਵਿਚ ਝੋਨੇ ਦੀ ਪਨੀਰੀ ਅਤੇ ਹਰੇ ਚਾਰੇ ਦਾ ਨੁਕਸਾਨ ਹੋਣ ਕਾਰਨ ਕਿਸਾਨਾਂ ਨੂੰ ਵਿੱਤੀ ਨੁਕਸਾਨ ਪਹੁੰਚਿਆ ਹੈ | ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਚਸ਼ਮਦੀਦਾਂ ਨੇ ਦੱਸਿਆ ਕਿ ਅੱਜ ਸਵੇਰੇ 3 ਵਜੇ ਦੇ ਕਰੀਬ ਨਹਿਰ 'ਚੋਂ ਪਾਣੀ ਦਾ ਰਿਸਾਵ ਸ਼ੁਰੂ ਹੋਇਆ ਅਤੇ ਦੇਖਦੇ ਹੀ ਦੇਖਦੇ ਵੱਡਾ ਪਾੜ ਬਣ ਗਿਆ | ਨਹਿਰ ਦੇ ਨਾਲ ਵਾਲੀ ਜ਼ਮੀਨ ਦੇ ਮਾਲਕ ਮਹਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਨਗਰ ਪੰਚਾਇਤ ਦੇ ਪ੍ਰਧਾਨ ਦੇ ਕਹਿਣ 'ਤੇ ਉਨ੍ਹਾਂ ਆਪਣੀ ਜ਼ਮੀਨ ਕੋਲੋਂ ਨਹਿਰ ਹੇਠੋਂ ਗੰਦੇ ਪਾਣੀ ਦੇ ਨਿਕਾਸ ਲਈ ਪੰਚਾਇਤ ਵਲੋਂ ਪਾਈ ਜਾ ਰਹੀ ਪਾਈਪ ਲਾਈਨ ਪਾਉਣ ਪ੍ਰਤੀ ਸਹਿਮਤੀ ਦਿੱਤੀ ਸੀ ਅਤੇ ਨਾਲ ਹੀ ਕਿਹਾ ਸੀ ਕਿ ਕੰਮ ਤਸੱਲੀਬਖ਼ਸ਼ ਹੋਵੇ ਤਾਂ ਜੋ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ ਪਰ ਬੀਤੇ ਦਿਨ ਜਦੋਂ ਸਿੰਚਾਈ ਵਿਭਾਗ ਵਲੋਂ ਨਹਿਰ ਵਿਚ ਪਾਣੀ ਛੱਡਿਆ ਗਿਆ ਤਾਂ ਰਿਸਾਵ ਕਾਰਨ ਨਹਿਰ ਵਿਚ ਪਾੜ ਪੈ ਗਿਆ, ਜਿਸ ਕਾਰਨ ਸਾਡੇ ਖੇਤ ਅਤੇ ਮਕਾਨ ਦਾ ਨੁਕਸਾਨ ਹੋਇਆ ਹੈ | ਉੱਧਰ ਕਬਾੜ ਦੁਕਾਨਦਾਰ ਦੇਸ ਰਾਜ ਨੇ ਦੱਸਿਆ ਕਿ ਉਸ ਨੇ ਕਰਜ਼ਾ ਲੈ ਕੇ ਕਬਾੜ ਦਾ ਕੰਮ ਸ਼ੁਰੂ ਕੀਤਾ ਸੀ ਪ੍ਰੰਤੂ ਨਹਿਰ ਟੁੱਟਣ ਕਾਰਨ ਉਸ ਦਾ ਸਾਰਾ ਸਾਮਾਨ ਰੁੜ੍ਹ ਗਿਆ | ਕਿਸਾਨ ਆਗੂ ਕਾ. ਗੁਰਨਾਮ ਸਿੰਘ ਭੀਖੀ ਨੇ ਕਿਸਾਨਾਂ ਨੂੰ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਜ਼ਿੰਮੇਵਾਰ ਨਗਰ ਪੰਚਾਇਤ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭੂਮਿਕਾ ਦੀ ਜਾਂਚ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ 9 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੈ ਅਤੇ ਹੁਣ ਨਹਿਰ ਟੁੱਟਣ ਕਾਰਨ ਕਈ ਦਿਨ ਪਾਣੀ ਦੀ ਸਪਲਾਈ ਬੰਦ ਰਹੇਗੀ, ਜਿਸ ਨਾਲ ਕਿਸਾਨਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ | ਉੱਧਰ ਤੜਕਸਾਰ ਤੋਂ ਹੀ ਸਥਾਨਕ ਲੋਕਾਂ ਨੇ ਆਪਣੇ ਪੱਧਰ 'ਤੇ ਪਾੜ ਨੂੰ ਪੂਰਨ ਲਈ ਯਤਨ ਆਰੰਭੇ ਹੋਏ ਸਨ, ਜਿੱਥੇ ਉਨ੍ਹਾਂ ਟਰੈਕਟਰਾਂ ਰਾਹੀਂ ਮਿੱਟੀ ਲਿਆਉਣ ਦਾ ਪ੍ਰਬੰਧ ਕਰ ਰਹੇ ਹਨ ਉੱਥੇ ਲੋਕ ਖਾਲੀ ਗੱਟੇ ਵੀ ਲੈ ਕੇ ਪੁੱਜ ਰਹੇ ਸਨ | ਸਵੇਰੇ 9 ਕੁ ਵਜੇ ਤੱਕ ਚੁਸਤ ਹੋਏ ਸਿੰਚਾਈ ਵਿਭਾਗ ਅਤੇ ਨਗਰ ਪੰਚਾਇਤ ਨੇ ਸਾਂਝਾ ਉੱਦਮ ਕਰ ਕੇ ਪਹਿਲਾਂ ਪਿੰਡ ਸਮਾਓਾ ਨੇੜੇ ਸਾਈਫ਼ਨ ਤੋਂ ਸਾਹੋਕੇ ਡਰੇਨ ਵਿਚ ਪਾਣੀ ਛੱਡਿਆ ਅਤੇ ਦੂਸਰੀ ਸਾਈਡ ਤੋਂ ਨਹਿਰ ਤੋੜਨ ਦੇ ਨਾਲ ਨਾਲ ਨਗਰ ਪੰਚਾਇਤ ਦੇ ਸਫ਼ਾਈ ਸੇਵਕਾਂ ਨੇ ਸਖ਼ਤ ਤਰੱਦਦ ਕਰਦੇ ਹੋਏ ਮਿੱਟੀ ਦੇ ਜੰਬੋ ਬੈਗ ਭਰ ਭਰ ਕੇ ਚਲਦੀ ਨਹਿਰ ਵਿਚ ਬੰਨ੍ਹ ਮਾਰਿਆ ਤਾਂ ਜੋ ਸਾਰਾ ਪਾਣੀ ਸਾਹੋਕੇ ਡਰੇਨ ਵਿਚ ਪੈ ਸਕੇ ਅਤੇ ਪ੍ਰਭਾਵਿਤ ਪਾੜ ਤੱਕ ਪਾਣੀ ਦੀ ਸਪਲਾਈ ਟੁੱਟੇ | ਬਾਅਦ ਦੁਪਹਿਰ ਸ਼ਾਮ ਤੱਕ ਸਿੰਚਾਈ ਵਿਭਾਗ ਨੇ ਪੋਕ ਮਸ਼ੀਨਾਂ ਦਾ ਪ੍ਰਬੰਧ ਕਰ ਲਿਆ ਸੀ ਅਤੇ ਬੰਨ੍ਹ ਨੂੰ ਪੂਰਨ ਲਈ ਯਤਨ ਆਰੰਭੇ ਹੋਏ ਸਨ | ਇਸ ਮੌਕੇ ਜੂਨੀਅਰ ਇੰਜੀਨੀਅਰ ਸਾਹਿਲ ਕੁਮਾਰ ਨੇ ਦੱਸਿਆ ਕਿ ਅਗਲੇ 2-3 ਦਿਨਾਂ ਤੱਕ ਨਹਿਰ ਦੀ ਮੁਕੰਮਲ ਮੁਰੰਮਤ ਕਰ ਦਿੱਤੀ ਜਾਵੇਗੀ | ਨਗਰ ਪੰਚਾਇਤ ਭੀਖੀ ਵਲੋਂ ਛੱਪੜਾਂ 'ਚੋਂ ਗੰਦੇ ਪਾਣੀ ਦੀ ਨਿਕਾਸੀ ਲਈ ਪਾਈ ਜਾ ਰਹੀ ਪਾਈਪ ਪਹਿਲਾਂ ਹੀ ਵਿਵਾਦਾਂ ਦੇ ਘੇਰੇ ਵਿੱਚ ਸੀ ਪਰ ਹੁਣ ਜਦੋਂ ਨਹਿਰ ਦੇ ਬੈੱਡ ਹੇਠੋਂ ਦੀ ਪਾਈਪ ਲੰਘਾ ਕੇ ਅੱਗੇ ਬਹਾਦਰ ਸਿੰਘ ਵਾਲਾ ਡਰੇਨ ਵਿੱਚ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਇਹ ਪਾੜ ਪੈ ਗਿਆ ਅਤੇ ਨਗਰ ਪੰਚਾਇਤ ਦੀ ਪਾਈਪ ਲਾਈਨ ਪਾਉਣ ਵਾਲੀ ਕੀਮਤੀ ਡਰਿੱਲ ਮਸ਼ੀਨ ਵੀ ਪਾਣੀ ਦੇ ਵਹਾਅ ਵਿਚ ਵਹਿ ਗਈ | ਜਦੋਂ ਨਗਰ ਪੰਚਾਇਤ ਦੇ ਜੇ.ਈ. ਰਾਕੇਸ਼ ਕੁਮਾਰ ਨਾਲ ਫ਼ੋਨ 'ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫ਼ੋਨ ਚੁੱਕਣਾ ਮੁਨਾਸਬ ਨਹੀ ਸਮਝਿਆ | ਇੱਥੇ ਇਹ ਵੀ ਦੱਸਣਯੋਗ ਹੈ ਕਿ ਪਾਈ ਜਾ ਰਹੀ ਪਾਈਪ ਲਾਈਨ ਵਿਚ ਕਈ ਤਰਾਂ ਦੀਆਂ ਤਕਨੀਕੀ ਊਣਤਾਈਆਂ ਹਨ ਅਤੇ ਜਿਸ ਦਾ ਸ਼ਹਿਰੀ ਵਾਰ ਵਾਰ ਵਿਰੋਧ ਵੀ ਕਰਦੇ ਰਹੇ ਹਨ |
ਨਿਰਮਾਣ ਅਧੀਨ ਪੁਲ ਵੀ ਨੁਕਸਾਨਿਆ
ਭੀਖੀ ਨੂੰ ਬੁਢਲਾਡਾ ਤੋਂ ਇਲਾਵਾ ਧਲੇਵਾਂ, ਬੀਰੋਕੇ, ਮੋਹਰ ਸਿੰਘ ਵਾਲਾ ਅਤੇ ਗੁੜੱਦੀ ਆਦਿ ਪਿੰਡਾਂ ਨੂੰ ਜੋੜਨ ਵਾਲੀ ਸੜਕ 'ਤੇ ਨਹਿਰ ਉੱਪਰ ਨਿਰਮਾਣ ਅਧੀਨ ਪੁਲ ਪਏ ਪਾੜ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਆਲੇ-ਦੁਆਲੇ ਦੇ ਲੋਕਾਂ ਅਨੁਸਾਰ ਇਸ ਪੁਲ ਦੀ ਸਲੈਬ ਹਾਲੇ 2 ਦਿਨ ਪਹਿਲਾਂ ਹੀ ਪਾਈ ਗਈ ਸੀ | ਨਹਿਰ ਟੁੱਟਣ ਕਾਰਨ ਪਾਣੀ ਦੇ ਵੇਗ ਵਿਚ ਆਈ ਤੇਜ਼ੀ ਕਾਰਨ ਪੁਲ ਥੱਲੇ ਲਗਾਈ ਸ਼ਟਰਿੰਗ ਪੂਰੀ ਤਰ੍ਹਾਂ ਉੱਖੜ ਗਈ ਅਤੇ ਸਲੈਬ ਥੱਲੋਂ ਪਲੇਟਾਂ ਵੀ ਖਿਸਕ ਗਈਆਂ | ਪਾੜ ਕਾਰਨ ਲੋਕਾਂ ਦੇ ਧਿਆਨ ਵਿਚ ਆਏ ਪੁਲ ਦੇ ਨਿਰਮਾਣ ਕਾਰਜਾਂ ਵਿਚ ਵੀ ਕਈ ਊਣਤਾਈਆਂ ਝਲਕ ਰਹੀਆਂ ਹਨ | ਪੁਲ ਨੂੰ ਇੱਟਾਂ ਦੇ ਬਣੇ ਪੁਰਾਣੇ ਪਿੱਲਰਾਂ 'ਤੇ ਹੀ ਮੁੜ ਉੱਚਾ ਕਰ ਕੇ ਸਲੈਬ ਪਾਈ ਗਈ ਹੈ, ਵੀ ਲੋਕਾਂ ਵਿਚ ਚਰਚਾ ਦਾ ਵਿਸ਼ਾ ਹੈ ਕਿ ਪੁਲ ਨਿਰਮਾਣ ਦੌਰਾਨ ਇੱਥੋਂ ਨਹਿਰ ਥੱਲੋਂ ਪਾਈ ਪਾਈਪ ਵੱਲ ਕਿਉਂ ਨਹੀ ਧਿਆਨ ਦਿੱਤਾ ਗਿਆ?
ਪਾੜ ਪੂਰਨ ਲਈ ਪੁਲਿਸ ਵੀ ਰਹੀ ਮੁਸਤੈਦ
ਨਹਿਰ 'ਤੇ ਬਣੇ ਪੁਲ ਲਈ ਜਿੱਥੇ ਸਿਵਲ ਪ੍ਰਸ਼ਾਸਨ ਦੇ ਨਾਲ ਨਾਲ ਨਗਰ ਪੰਚਾਇਤ ਦੇ ਕੌਂਸਲਰ ਅਤੇ ਹੋਰ ਪਤਵੰਤੇ ਸੱਜਣ ਆਪਣਾ ਸਹਿਯੋਗ ਕਰ ਰਹੇ ਸਨ ਅਤੇ ਕੰਮ ਕਰਨ ਵਾਲੇ ਕਾਰ ਸੇਵਕਾਂ ਦੇ ਲਈ ਲੰਗਰ ਆਦਿ ਦਾ ਪ੍ਰਬੰਧ ਵੀ ਹੋ ਰਿਹਾ ਸੀ, ਉੱਥੇ ਪੁਲਿਸ ਥਾਣਾ ਭੀਖੀ ਮੁਖੀ ਗੁਰਮੇਲ ਸਿੰਘ ਦੀ ਅਗਵਾਈ ਹੇਠ ਸਮੁੱਚੀ ਪੁਲਿਸ ਪਾਰਟੀ ਪੂਰੀ ਤਰ੍ਹਾਂ ਮੁਸਤੈਦ ਸੀ | ਉਹ ਪਾੜ ਵਾਲੀ ਜਗ੍ਹਾ ਦੇ ਨਾਲ ਨਾਲ ਸਾਈਫ਼ਨ ਰਾਹੀਂ ਡਰੇਨ ਵਿਚ ਪਾਣੀ ਛੱਡਣ ਆਦਿ ਹਾਲਾਤਾਂ 'ਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਪੂਰਨ ਤੌਰ 'ਤੇ ਤਿਆਰ ਸਨ | ਇਸ ਮੌਕੇ ਕਾਰਜ ਸਾਧਕ ਅਫ਼ਸਰ ਕੁਲਦੀਪ ਸਿੰਘ ਧਾਲੀਵਾਲ, ਆਪ ਆਗੂ ਵਰਿੰਦਰ ਸੋਨੀ, ਬਹਾਦਰ ਅਕਾਲੀ, ਕੌਂਸਲਰ ਪ੍ਰੇਮ ਕੁਮਾਰ ਗਰਗ, ਕੌਂਸਲਰ ਪਰਵਿੰਦਰ ਗੋਰਾ, ਕੌਂਸਲਰ ਰਾਮ ਸਿੰਘ ਚਹਿਲ, ਕੌਂਸਲਰ ਪੱਪੀ ਸਿੰਘ, ਕਾਂਗਰਸੀ ਆਗੂ ਧਨਜੀਤ ਭੀਖੀ ਆਦਿ ਹਾਜ਼ਰ ਸਨ |
ਪ੍ਰਸ਼ਾਸਨਿਕ ਅਣਗਹਿਲੀ ਕਾਰਨ ਟੁੱਟੀ ਨਹਿਰ- ਪ੍ਰੇਮ ਕੁਮਾਰ ਅਰੋੜਾ
ਨਹਿਰੀ ਪਾੜ ਦਾ ਜਾਇਜ਼ਾ ਲੈਣ ਪਹੁੰਚੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਨਹਿਰ ਟੁੱਟਣ ਨੂੰ ਪ੍ਰਸ਼ਾਸਨਿਕ ਅਣਗਹਿਲੀ ਦੱਸਦਿਆਂ ਕਿਹਾ ਕਿ ਨਹਿਰ ਥਲੋਂ ਸੀਵਰੇਜ ਪਾਈਪ ਲੰਘਾਉਣਾ ਇੱਕ ਤਕਨੀਕੀ ਕਾਰਜ ਸੀ | ਇਸ ਨੂੰ ਯੋਗ ਇੰਜੀਨੀਅਰਾਂ ਦੀ ਦੇਖ ਰੇਖ ਹੇਠ ਕਰਵਾਇਆ ਜਾਣਾ ਚਾਹੀਦਾ ਸੀ, ਪ੍ਰੰਤੂ ਨਾ ਤਾਂ ਨਹਿਰੀ ਵਿਭਾਗ ਅਤੇ ਨਾ ਹੀ ਨਗਰ ਪੰਚਾਇਤ ਨੇ ਇਸ ਪ੍ਰਤੀ ਕੋਈ ਗੰਭੀਰਤਾ ਦਿਖਾਈ | ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਮਕਾਨ ਮਾਲਕਾਂ ਨੂੰ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਅਤੇ ਨਹਿਰ ਟੁੱਟਣ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਨਾਲ ਕੁਲਸ਼ੇਰ ਸਿੰਘ ਰੂਬਲ, ਐਡਵੋਕੇਟ ਉਂਕਾਰ ਸਿੰਘ ਮਿੱਤਲ, ਹਰਦੇਵ ਸਿੰਘ ਭੀਖੀ ਵੀ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਨੀਟ ਦਾ ਪੇਪਰ ਲੀਕ ਹੋਣ ਦੇ ਮਾਮਲੇ 'ਚ ਕੇਂਦਰੀ ਸਿੱਖਿਆ ਮੰਤਰੀ ਦਾ ਪੁਤਲਾ ਸਾੜ ਕੇ ਮੁਜ਼ਾਹਰਾ <br/> ਅਗਲੀ ਖ਼ਬਰ ਭੇਦਭਰੀ ਹਾਲਤ 'ਚ ਘਰੋਂ ਗਏ ਭੁਪਿੰਦਰ ਕੁਮਾਰ ਦੀ ਭਾਖੜਾ ਨਹਿਰ 'ਚੋਂ ਭਾਲ ਜਾਰੀ <br/>
Ad Position 24