ਤਲਵੰਡੀ ਸਾਬੋ, 21 ਜੂਨ (ਰਵਜੋਤ ਸਿੰਘ ਰਾਹੀ)- ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲਾ ਵਲੋਂ ਜਾਰੀ ਕੀਤੇ ਆਦੇਸ਼ਾਂ ਅਨੁਸਾਰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ, ਡਾਇਰੈਕਟੋਰੇਟ ਆਫ਼ ਵਿਦਿਆਰਥੀ ਭਲਾਈ ਵਲੋਂ ਐਨ.ਐਸ.ਐਸ.ਵਿਭਾਗ ਦੇ ਸਹਿਯੋਗ ਨਾਲ 12ਵਾਂ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਬਲਰਾਜ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ, ਡਾਇਰੈਕਟਰ ਸਪੋਰਟਸ ਡਾ. ਬਲਵਿੰਦਰ ਸ਼ਰਮਾ, ਡੀਨ ਡਾ. ਰਵੀ ਗਹਲਾਵਤ, ਡਿਪਟੀ ਰਜਿਸਟਰਾਰ ਕੁਲਵੀਰ ਸਿੰਘ, ਵਰਸਿਟੀ ਅਧਿਕਾਰੀ, ਸਟਾਫ਼ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਸਿੰਘ ਨੇ ਕਿਹਾ ਕਿ ਯੋਗ ਸਾਡੀ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਹੈ, ਜਿਸ ਰਾਹੀਂ ਅਸੀ ਸਰੀਰਕ ਤੰਦਰੁਸਤੀ ਹਾਸਲ ਕਰਦੇ ਹੋਏ ਮਾਨਸਿਕ ਤਣਾਅ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਮੌਕੇ ਯੋਗ ਆਚਾਰੀਆ ਡਾ. ਸਾਕਸ਼ੀ ਵਲੋਂ ਯੋਗ ਆਸਨ, ਪ੍ਰਣਾਯਾਮ ਅਤੇ ਨਾੜੀ ਸ਼ੋਧਨ ਕਿਰਿਆਵਾਂ ਕਰਵਾਈਆਂ ਗਈਆਂ ਅਤੇ ਉਨ੍ਹਾਂ ਦੇ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਯੋਗ ਦੇ ਇਤਿਹਾਸ ਅਤੇ ਸਹੀ ਤਰੀਕਿਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸਭਨਾਂ ਨੇ ਆਪਣੇ ਸਮਾਜ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਕੀਤਾ। ਇਸ ਮੌਕੇ ਡਾਇਰੈਕਟਰ ਵਿਦਿਆਰਥੀ ਭਲਾਈ ਸਿੱਧੂ ਨੇ ਆਪਣੇ ਧੰਨਵਾਦੀ ਭਾਸ਼ਣ ਵਿਚ ਸਭਨਾਂ ਨੂੰ ਹਰ ਰੋਜ਼ ਸਵੇਰੇ ਯੋਗ ਅਤੇ ਕਸਰਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਿਰੋਗ ਸਰੀਰ ਵਿਚ ਹੀ ਨਿਰੋਗ ਦਿਮਾਗ਼ ਦਾ ਵਾਸਾ ਹੁੰਦਾ ਹੈ। ਐਨ.ਐਸ.ਐਸ. ਵਲੰਟੀਅਰਾਂ ਅਤੇ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਦੀ ਟੀਮ ਵਲੋਂ ਕੀਤਾ ਗਿਆ ਪ੍ਰਬੰਧਨ ਸ਼ਲਾਘਾਯੋਗ ਸੀ।
ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ
ਅਜੀਤ ਡੈਸਕ
22-06-2026