21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮੁੱਖ ਮੰਤਰੀ ਦੇ ਰਵਾਨਾ ਹੋਣ ਸਮੇਂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਵਲੋਂ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 25-06-2026
ਬਾਲਿਆਂਵਾਲੀ, 24 ਜੂਨ (ਕੁਲਦੀਪ ਮਤਵਾਲਾ)- ਮੰਡੀ ਕਲਾਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਜਿਉਂ ਹੀ ਮਿਲਣੀ ਸਮਾਰੋਹ ਉਪਰੰਤ ਬਾਹਰ ਨਿਕਲੇ ਤਾਂ ਬੇਰੁਜ਼ਗਾਰ ਸਾਂਝੇ ਮੋਰਚਾ ਪੰਜਾਬ ਦੇ ਸੂਬਾ ਆਗੂਆਂ ਵਲੋੰ ਰੋਸ ਭਰਪੂਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਸਰਕਾਰੀ ਨੌਕਰੀਆਂ ਖ਼ਾਸ ਕਰ ਅਧਿਆਪਕ ਨਿਯੁਕਤੀਆਂ ਦੇ ਮਾਮਲੇ ’ਚ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਕਟਹਿਰੇ ’ਚ ਖੜ੍ਹਾ ਕਰਦਿਆਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਭਰਤੀ ਇਸ਼ਤਿਹਾਰ ਜਾਰੀ ਕਰਕੇ ਅਧਿਆਪਕ ਨਿਯੁਕਤੀਆਂ ਕੀਤੀਆਂ ਜਾਣ। ਸੂਬਾ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਮੁਨੀਸ਼, ਸੁਨੀਲ ਫਾਜ਼ਿਲਕਾ, ਗੁਰਪ੍ਰੀਤ ਪੱਕਾ ਕਲਾਂ ਅਤੇ ਸੱਤਪਾਲ ਕਾਂਗੜ ਨੇ ਦੋਸ਼ ਲਾਏ ਕਿ ਸਰਕਾਰੀ ਨੌਕਰੀਆਂ ਦੇਣ ਦੇ ਮਾਮਲੇ ਵਿਚ ਸਰਕਾਰ ਵਲੋਂ ਲੋਕਾਂ ਨੂੰ ਕਥਿਤ ਤੌਰ ’ਤੇ ਗੁੰਮਰਾਹ ਕੀਤਾ ਜਾ ਰਿਹਾ ਹੈ, ਜਦਕਿ ਅਸਲ ਸਥਿਤੀ ਕੁੱਝ ਹੋਰ ਹੈ। ਉਨ੍ਹਾਂ ਸਾਫ਼ ਕੀਤਾ ਕਿ ਸਾਢੇ ਚਾਰ ਸਾਲਾਂ ਦਰਮਿਆਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਸਕੂਲਾਂ ’ਚ ਅਧਿਆਪਕ ਭਰਤੀ ਕਰਨ ਲਈ ਇੱਕ ਵੀ ਭਰਤੀ ਇਸ਼ਤਿਹਾਰ ਜਾਰੀ ਨਹੀਂ ਕੀਤਾ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਜਿਹੜੀ ਅਧਿਆਪਕ ਭਰਤੀ ਨੂੰ ਇਹ ਸਰਕਾਰ ਆਪਣੇ ਵਲੋਂ ਕੀਤੀ ਭਰਤੀ ਦੱਸ ਰਹੀ ਹੈ, ਉਹ ਅਸਲ ਵਿਚ ਕਾਂਗਰਸ ਪਾਰਟੀ ਸਮੇਂ ਦੀ ਹੈ। ਆਗੂਆਂ ਨੇ ਦੱਸਿਆ ਕਿ ਈਟੀਟੀ, ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੀਆਂ ਸਰਕਾਰੀ ਸਕੂਲਾਂ ਵਿਚ ਹਜ਼ਾਰਾਂ ਪੋਸਟਾਂ ਖ਼ਾਲੀ ਪਈਆਂ ਹਨ, ਬੱਚੇ ਅਧਿਆਪਕਾਂ ਲਈ ਤਰਸ ਰਹੇ ਹਨ, ਪ੍ਰੰਤੂ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਨੌਕਰੀ ਲਈ ਅਪਲਾਈ ਕਰਨ ਲਈ ਤਰਸ ਗਏ ਹਨ। ਜਥੇਬੰਦੀ ਨੇ ਸਪੱਸ਼ਟ ਕੀਤਾ ਕਿ ਗ੍ਰੈਜੂਏਸ਼ਨ ਪੱਧਰ ਦੀ ਅਕਾਦਮਿਕ ਅਤੇ ਪ੍ਰੋਫੈਸ਼ਨਲ ਯੋਗਤਾ (ਬੀ.ਏ,ਬੀ.ਐਡ,ਈਟੀਟੀ ਆਦਿ) ਅਤੇ ਦੋ-ਦੋ ਅਤੇ ਤਿੰਨ-ਤਿੰਨ ਅਧਿਆਪਕ ਯੋਗਤਾ ਟੈੱਸਟ (ਟੈੱਟ) ਪਾਸ ਕਰਨ ’ਚ ਉਹ ਆਪਣੀ ਜਵਾਨੀ ਅਤੇ ਮਾਪਿਆਂ ਦਾ ਸਰਮਾਇਆ ਖਪਤ ਕਰਦਿਆਂ ਕਾਫੀ ਹਿੱਸਾ ਓਵਰਏਜ਼ ਹੋ ਚੁੱਕਾ ਹੈ। ਇਸ ਲਈ ਗੁਆਂਢੀ ਸੂਬੇ ਵਾਂਗ ਬਿਨੈ ਕਰਨ ਦੀ ਉਮਰ ’ਚ 5 ਸਾਲ ਦਾ ਵਾਧਾ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਸਰਕਾਰ ’ਤੇ ਦਬਾਅ ਬਣਾਉਣ ਖ਼ਾਤਰ ਉਹ ਵੀ ਪਿੰਡਾਂ ਅੰਦਰ ਸੱਥਾਂ ’ਚ ਜਾਕੇ ਲੋਕਾਂ ਨੂੰ ਅਸਲੀਅਤ ਤੋਂ ਜਾਣੂੰ ਕਰਵਾਉਣਗੇ। ਇਸੇ ਦੌਰਾਨ ਮੁੱਖ ਮੰਤਰੀ ਜਦੋਂ ਜਾਣ ਲੱਗੇ ਤਾਂ ਸੁਖਵਿੰਦਰ ਸਿੰਘ ਢਿੱਲਵਾਂ ਨੇ ਹੱਥ ਫੇਰਕੇ ਅਤੇ ਆਵਾਜ਼ ਮਾਰਕੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਜੇ ਤੱਕ ਸਰਕਾਰ ਨੇ ਇੱਕ ਵੀ ਅਧਿਆਪਕ ਭਰਤੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਤਾਂ ਉਨ੍ਹਾਂ ਦੇ ਬੋਲਦਿਆਂ-ਬੋਲਦਿਆਂ ਉਸ ਨੂੰ ਪੁਲਿਸ ਫੜਕੇ ਬਾਹਰ ਲੈ ਗਈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਖਿਲਾਫ਼ ਅਕਾਲ ਤਖ਼ਤ ਦੇ ਹੁਕਮਨਾਮੇ ਵਾਲੀ ਪ੍ਰਚਾਰ ਸਮੱਗਰੀ ਲਾਉਣ ਦਾ ਸਿਲਸਿਲਾ ਤੇਜ਼ ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਬਠਿੰਡਾ ਦੇ ਡੀ.ਸੀ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
Ad Position 24