ਗੋਨਿਆਣਾ, 3 ਜੁਲਾਈ (ਲਛਮਣ ਦਾਸ ਗਰਗ)-ਐੱਸ.ਐੱਸ.ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਦੇ ਉਪ ਪ੍ਰਿੰਸੀਪਲ ਅੰਸ਼ਦੀਪ ਕੌਰ ਬਰਾੜ ਅਤੇ ਸਹਾਇਕ ਪ੍ਰੋਫੈਸਰ ਖੁਸ਼ਬੂ ਜੈਨ ਨੇ ਬੇਸਿਕ ਰੇਂਜਰ ਲੀਡਰ ਕੋਰਸ ਸਫ਼ਲਤਾ ਪੂਰਵਕ ਪੂਰਾ ਕਰਕੇ ਸਰਟੀਫ਼ਿਕੇਟ ਪ੍ਰਾਪਤ ਕੀਤਾ। ਪੰਜਾਬ ਸਕਾਊਟ ਐਂਡ ਗਾਈਡ ਦੇ ਸਲਾਨਾ ਸਿਖਲਾਈ ਪ੍ਰੋਗਰਾਮ ਤਹਿਤ ਪੰਜਾਬ ਰਾਜ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਅੰਦਰੂਨੀ ਸਮਰੱਥਾ ਨੂੰ ਸੁਚੱਜੀ ਸੇਧ ਦੇਣ, ਨਰੋਏ ਸਮਾਜ ਦੀ ਸਿਰਜਣਾ ਕਰਨ, ਚੰਗੇ ਨਾਗਰਿਕ ਤਿਆਰ ਕਰਨ ਅਤੇ ਸਕੂਲਾਂ-ਕਾਲਜਾਂ ਵਿਚ ਸਕਾਊਟਿੰਗ ਦੇ ਨਵੇਂ ਯੂਨਿਟ ਸ਼ੁਰੂ ਕਰਨ ਦੇ ਉਦੇਸ਼ ਨਾਲ 24 ਜੂਨ ਤੋਂ 30 ਜੂਨ ਤੱਕ ਰਾਜ ਸਿਖਲਾਈ ਕੇਂਦਰ, ਤਾਰਾ ਦੇਵੀ (ਸ਼ਿਮਲਾ) ਵਿਖੇ ਆਯੋਜਨ ਕੀਤਾ ਗਿਆ। ਇਹ ਕੈਂਪ ਪੰਜਾਬ ਸਕਾਊਟ ਐਂਡ ਗਾਈਡ ਦੇ ਰਾਜ ਸਕੱਤਰ ਰੌਸ਼ਨ ਲਾਲ ਸੂਦ ਦੇ ਦਿਸ਼ਾ-ਨਿਰਦੇਸ਼ਾਂ ਅਤੇ ਰਾਜ ਸੰਗਠਨ ਕਮਿਸ਼ਨਰ (ਸਕਾਊਟ) ਓਂਕਾਰ ਸਿੰਘ ਦੀ ਅਗਵਾਈ ਹੇਠ ਲਗਾਏ ਕੈਂਪ ਦੌਰਾਨ ਰਾਸ਼ਟਰੀ ਮੁੱਖ ਦਫ਼ਤਰ ਨਵੀਂ ਦਿੱਲੀ ਤੋਂ ਕਰਨੈਲ ਸਿੰਘ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਕਾਲਜ ਦੇ ਪ੍ਰਿੰਸੀਪਲ ਪਰਵੀਨ ਪੁਰੀ ਨੇ ਦੋਵਾਂ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਸਿਖਲਾਈਆਂ ਅਧਿਆਪਕਾਂ ਦੀ ਯੋਗਤਾ ਅਤੇ ਕਾਰਜ ਕੁਸ਼ਲਤਾ ਨੂੰ ਹੋਰ ਨਿਖਾਰਦੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਦੋਵੇਂ ਅਧਿਆਪਕ ਸਕਾਊਟਿੰਗ ਦੀ ਭਾਵਨਾ ਨੂੰ ਵਿਦਿਆਰਥੀਆਂ ਤੱਕ ਪਹੁੰਚਾ ਕੇ ਉਨ੍ਹਾਂ ਵਿਚ ਅਨੁਸ਼ਾਸਨ, ਸੇਵਾ ਭਾਵਨਾ, ਲੀਡਰਸ਼ਿਪ, ਟੀਮ ਭਾਵਨਾ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਗੁਣਾਂ ਨੂੰ ਹੋਰ ਪ੍ਰਫੁੱਲਿਤ ਕਰਨਗੇ। ਕਾਲਜ ਦੇ ਪ੍ਰਧਾਨ ਇੰਜੀ. ਭੂਸ਼ਣ ਕੁਮਾਰ ਜਿੰਦਲ, ਸਕੱਤਰ ਪ੍ਰਦੀਪ ਮੰਗਲਾ ਅਤੇ ਸਮੂਹ ਮੈਨੇਜਮੈਂਟ ਨੇ ਦੋਂਵਾਂ ਅਧਿਆਪਕਾਂ ਨੂੰ ਕਿਹਾ ਕਿ ਐੱਸ.ਐੱਸ.ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਹਮੇਸ਼ਾ ਆਪਣੇ ਅਧਿਆਪਕਾਂ ਨੂੰ ਗੁਣਵੱਤਾ ਭਰਪੂਰ ਸਿਖਲਾਈ, ਨਵੀਨਤਮ ਗਿਆਨ ਅਤੇ ਪੇਸ਼ੇਵਰ ਵਿਕਾਸ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ।