ਬਠਿੰਡਾ, 10 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਪਾਵਰ ਅਤੇ ਟਰਾਂਸਕੋ ਤਾਲਮੇਲ ਸੰਘਰਸ਼ ਕਮੇਟੀ ਦੇ ਝੰਡੇ ਹੇਠਾਂ ਕੱਚੇ ਬਿਜਲੀ ਕਾਮਿਆਂ ਵਲੋਂ ਸਥਾਨਕ ਭਾਈ ਘਨੱਈਆ ਚੌਕ ਵਿਚ ਸੂਬੇ ਦੇ ਬਿਜਲੀ ਮੰਤਰੀ ਅਤੇ ਪਾਵਰਕਾਮ ਦੇ ਸੀ.ਐਮ.ਡੀ. ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਾਮਿਆਂ ਵਲੋਂ ਕੁਝ ਸਮੇਂ ਲਈ ਸੜਕੀ ਆਵਾਜਾਈ ਵੀ ਠੱਪ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਮਹਿਕਮੇ ਅਧੀਨ ਲੈਣ ਦੀ ਬੀਤੀ 24 ਮਈ ਨੂੰ ਸਹਿਮਤੀ ਬਣੀ ਸੀ ਤੇ ਇਸ ਸੰਬੰਧੀ 15 ਜੂਨ ਤੱਕ ਨੋਟੀਫ਼ਿਕੇਸ਼ਨ ਜਾਰੀ ਕਰਨ ਦਾ ਸਰਕਾਰ ਨੇ ਭਰੋਸਾ ਦਿੱਤਾ ਸੀ ਜੋ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ, ਜਿਸ ਦੇ ਰੋਸ ਵਜੋਂ 16 ਜੂਨ ਤੋਂ ਉਨ੍ਹਾਂ ਦਾ ਸਥਾਨਕ ਥਰਮਲ ਪਲਾਂਟ ਸਾਹਮਣੇ ਲਗਾਤਾਰ ਪੱਕਾ ਮੋਰਚਾ ਚੱਲ ਰਿਹਾ ਹੈ। ਇਸ ਦੌਰਾਨ 22 ਜੂਨ ਤੱਕ ਖੰਨਾ ਵਿਖੇ ਬਿਜਲੀ ਮੰਤਰੀ ਦੀ ਕੋਠੀ ਮੂਹਰੇ ਪੱਕਾ ਮੋਰਚਾ ਲਗਾਇਆ ਗਿਆ, ਜਿਸ ਦੌਰਾਨ ਬਿਜਲੀ ਮੰਤਰੀ ਨੇ ਮੁੜ ਦੁਬਾਰਾ ਉਨ੍ਹਾਂ ਨੂੰ 30 ਜੂਨ ਤੱਕ ਨੋਟੀਫ਼ਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ ਪਰ ਬਿਜਲੀ ਮੰਤਰੀ ਤੇ ਸਰਕਾਰ ਲਗਾਤਾਰ ਉਨ੍ਹਾਂ ਨੂੰ ਲਾਰੇ ਲਗਾ ਰਹੀ ਹੈ, ਜਿਸ ਦੇ ਰੋਸ ਵਜੋਂ ਉਨ੍ਹਾਂ ਨੇ ਅੱਜ ਪੰਜਾਬ ਭਰ ਵਿਚ ਬਿਜਲੀ ਮੰਤਰੀ ਅਤੇ ਮਹਿਕਮੇ ਦੇ ਸੀ.ਐਮ.ਡੀ. ਦੇ ਪੁਤਲੇ ਸਾੜੇ ਹਨ। ਆਗੂਆਂ ਨੇ ਕਿਹਾ ਕਿ ਤਾਲਮੇਲ ਸੰਘਰਸ਼ ਕਮੇਟੀ ਦੇ ਫ਼ੈਸਲੇ ਅਨੁਸਾਰ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਪੰਜਾਬ ਭਰ ਦੇ ਆਊਟਸੋਰਸਡ ਮੁਲਾਜ਼ਮ 13 ਜੁਲਾਈ ਨੂੰ ਆਪਣੇ ਬੱਚਿਆਂ ਅਤੇ ਪਰਿਵਾਰਾਂ ਸਮੇਤ ਪਾਵਰਕਾਮ ਦੇ ਮੁੱਖ ਦਫ਼ਤਰ ਪਟਿਆਲਾ ਮੂਹਰੇ ਪੱਕਾ ਮੋਰਚਾ ਲਗਾਉਣਗੇ, ਜੋ ਨੋਟੀਫ਼ਿਕੇਸ਼ਨ ਜਾਰੀ ਕਰਵਾਉਣ ਤੱਕ ਜਾਰੀ ਰਹੇਗਾ।