ਰਾਮਾਂ ਮੰਡੀ, 10 ਜੁਲਾਈ (ਤਰਸੇਮ ਸਿੰਗਲਾ)-45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਸਿਵਲ ਹਸਪਤਾਲ ਰਾਮਾਂ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਅਤੇ ਐਨਕਾਂ ਵੰਡਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਡਿੰਪੀ ਕੱਕੜ (ਆਈ ਸਰਜਨ) ਅਤੇ ਸ਼੍ਰੀਮਤੀ ਰੂਪਲ (ਅਪਥਾਲਮਿਕ ਅਫ਼ਸਰ) ਵਲੋਂ 117 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ 12 ਮਰੀਜ਼ ਮੋਤੀਆਬਿੰਦ ਤੋਂ ਪੀੜਤ ਪਾਏ ਗਏ, ਜਿਨ੍ਹਾਂ ਨੂੰ ਅਗਲੇ ਇਲਾਜ ਅਤੇ ਆਪ੍ਰੇਸ਼ਨ ਲਈ ਰੈਫਰ ਕੀਤਾ ਗਿਆ। ਇਸ ਤੋਂ ਇਲਾਵਾ 93 ਮਰੀਜ਼ਾਂ ਨੂੰ ਨਜ਼ਰ ਦੀਆਂ ਮੁਫ਼ਤ ਐਨਕਾਂ ਵੰਡੀਆਂ ਗਈਆਂ, ਜਦਕਿ ਹੋਰ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਡਾ. ਡਿੰਪੀ ਕੱਕੜ ਨੇ ਮਰੀਜ਼ਾਂ ਨੂੰ ਅੱਖਾਂ ਦੀ ਸੰਭਾਲ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਡਾਕਟਰ ਦੀ ਸਲਾਹ ਤੋਂ ਬਿਨਾਂ ਅੱਖਾਂ ਵਿੱਚ ਕਿਸੇ ਵੀ ਕਿਸਮ ਦੀ ਦਵਾਈ ਜਾਂ ਡਰਾਪਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਡਾ. ਕੱਕੜ ਨੇ ਕਿਹਾ ਕਿ ਜੇਕਰ ਅੱਖਾਂ ਵਿੱਚ ਧੁੰਦਲਾ ਦਿਖਾਈ ਦੇਵੇ, ਲਗਾਤਾਰ ਪਾਣੀ ਆਵੇ, ਲਾਲੀ ਰਹੇ ਜਾਂ ਦਰਦ ਮਹਿਸੂਸ ਹੋਵੇ ਤਾਂ ਇਸ ਨੂੰ ਅਣਡਿੱਠਾ ਨਾ ਕੀਤਾ ਜਾਵੇ ਅਤੇ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ।