ਭਗਤਾ ਭਾਈਕਾ, 4 ਮਈ (ਸੁਖਪਾਲ ਸਿੰਘ ਸੋਨੀ)-ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਦੇ ਅਸ਼ੀਰਵਾਦ ਨਾਲ, ਮੌਜੂਦਾ ਗੱਦੀ ਨਸ਼ੀਨ ਸੁਆਮੀ ਬ੍ਰਹਮ ਮੁਨੀ ਦੀ ਰਹਿਨੁਮਾਈ ਹੇਠ ਅਤੇ ਬਾਬਾ ਗੰਗਾ ਰਾਮ ਦੇ ਯਤਨਾਂ ਸਦਕਾ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਜਲਾਲ ਨਾਮਕ ਸੰਸਥਾ ਚਲਾਈ ਜਾ ਰਹੀ ਹੈ ਜੋ ਕਿ ਪੂਰਨ ਨਿਸ਼ਕਾਮ ਰੂਪ ਵਿਚ ਮਨੁੱਖਤਾ ਦੀ ਸੇਵਾ ਅਤੇ ਧਾਰਮਿਕ ਫ਼ਲਸਫ਼ਿਆਂ ਨੂੰ ਸਮਰਪਿਤ ਹੈ | ਇਸ ਸੰਸਥਾ ਦੀ ਸ਼ੁਰੂਆਤ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਵਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਹੀ ਨਕਸ਼ੇ ਕਦਮਾਂ 'ਤੇ ਚੱਲਦੇ ਮੌਜੂਦਾ ਗੱਦੀ ਨਸ਼ੀਨ ਸੁਆਮੀ ਬ੍ਰਹਮ ਮੁਨੀ ਅਤੇ ਸੰਤ ਬਾਬਾ ਗੰਗਾ ਰਾਮ ਵਲੋਂ ਅੱਗੇ ਲਗਾਤਾਰ ਵਧਾਇਆ ਜਾ ਰਿਹਾ ਹੈ | ਮਿਲੀ ਜਾਣਕਾਰੀ ਅਨੁਸਾਰ ਵਿਵੇਕ ਚੈਰੀਟੇਬਲ ਅੱਖਾਂ ਦੇ ਹਸਪਤਾਲ ਜਲਾਲ ਵਿਖੇ ਹੁਣ ਤੱਕ 265 ਅੱਖਾਂ ਦੇ ਮੁਫ਼ਤ ਲੈਂਜ ਕੈਂਪ ਲਗਾਏ ਜਾ ਚੁੱਕੇ ਹਨ | ਇਨ੍ਹਾਂ ਕੈਂਪਾਂ ਦੌਰਾਨ ਲਗਭਗ 3 ਲੱਖ ਦੇ ਕਰੀਬ ਮਰੀਜ਼ਾਂ ਦੇ ਮੁਫ਼ਤ ਲੈਂਜ ਪਾਏ ਜਾ ਚੁੱਕੇ ਹਨ ਅਤੇ ਲੱਖਾਂ ਹੀ ਲੋਕਾਂ ਦੀ ਰੋਜ਼ਾਨਾ ਓ ਪੀ ਡੀ ਦਰਮਿਆਨ ਕੀਤੀ ਜਾਂਦੀ ਹੈ | ਇਸੇ ਤਰ੍ਹਾਂ ਹੋਰ ਵੀ ਸਮਾਜਿਕ ਅਤੇ ਮਨੁੱਖਤਾ ਦੀ ਭਲਾਈ ਲਈ ਅਨੇਕਾਂ ਕਾਰਜ ਸੰਸਥਾ ਵਲੋਂ ਕੀਤੇ ਜਾਂਦੇ ਹਨ | ਸੁਆਮੀ ਬ੍ਰਹਮ ਮੁਨੀ ਵਲੋਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਿਆਂ ਪ੍ਰਮਾਤਮਾ ਦੇ ਨਾਮ ਨਾਲ ਜੋੜਨ ਦਾ ਵੀ ਮਹਾਨ ਉਪਰਾਲਾ ਕੀਤਾ ਜਾਂਦਾ ਹੈ | ਇਨ੍ਹਾਂ ਸਭ ਸਮਾਜ ਸੁਧਾਰ ਅਤੇ ਸਮਾਜ ਸੇਵੀ ਉਪਰਾਲਿਆਂ ਨੂੰ ਦੇਖਦਿਆਂ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਵਿਖੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਸੁਆਮੀ ਬ੍ਰਹਮ ਮੁਨੀ ਨੂੰ ਭਾਰਤ ਵਿਭੂਸ਼ਨ (ਵਿਜਨਰੀ ਸਪਿਰਚੁਅਲ ਗੁਰੂ) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਲਾਕੇ ਦੀਆਂ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ | ਇਸ ਸਮੇਂ ਸੰਤ ਬਾਬਾ ਗੰਗਾ ਰਾਮ, ਸੰਤ ਬਾਬਾ ਰਿਸ਼ੀ ਰਾਮ ਜੈਤੋ, ਸੰਤ ਬਾਬਾ ਸਰਬਾਨੰਦ ਹਰਿਦੁਆਰ, ਸਮੁੱਚੀ ਸਾਧੂ ਮੰਡਲੀ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਸੁਆਮੀ ਬ੍ਰਹਮ ਮੁਨੀ ਨੂੰ ਮੁਬਾਰਕਬਾਦ ਦਿੱਤੀ ਗਈ |