ਰਾੜਾ ਸਾਹਿਬ, 28 ਜਨਵਰੀ (ਸੁਖਵੀਰ ਸਿੰਘ ਚਣਕੋਈਆਂ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ (ਪੀ. ਐੱਸ. ਐੱਮ. ਐੱਸ.ਯੂ.) ਦੀ ਇਕ ਅਹਿਮ ਆਨਲਾਈਨ ਮੀਟਿੰਗ ਸੂਬਾ ਪ੍ਰਧਾਨ ਪੰਜਾਬ ਗੁਰਨਾਮ ਸਿੰਘ ਵਿਰਕ ਅਤੇ ਸੂਬਾ ਜਨਰਲ ਸਕੱਤਰ ਪੰਜਾਬ ਤਰਸੇਮ ਭੱਠਲ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਮੁਲਾਜ਼ਮ ਮੰਗਾਂ ਨੂੰ ਲੈ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਸਬੰਧੀ ਕਈ ਅਹਿਮ ਅਤੇ ਦੂਰਗਾਮੀ ਫ਼ੈਸਲੇ ਲਏ ਗਏ | ਜਾਣਕਾਰੀ ਦਿੰਦਿਆਂ ਮਨਿਸਟਰੀਅਲ ਸਟਾਫ਼ ਯੂਨੀਅਨ ਸਿੱਖਿਆ ਵਿਭਾਗ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਨੇ ਦੱਸਿਆ ਕਿ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ 27 ਜਨਵਰੀ ਤੋਂ 4 ਫਰਵਰੀ 2026 ਤੱਕ ਜ਼ਿਲ੍ਹਾ ਲੀਡਰਸ਼ਿਪ ਵਲੋਂ ਆਪਣੇ-ਆਪਣੇ ਜ਼ਿਲਿਆਂ ਦੇ ਸਮੂਹ ਐੱਮ. ਐੱਲ. ਏਜ਼ ਅਤੇ ਐਮ.ਪੀਜ਼ ਨੂੰ ਵਿਆਪਕ ਰੋਸ ਦੇ ਚੇਤਾਵਨੀ ਪੱਤਰ ਸਮੇਤ ਮੰਗ ਪੱਤਰ ਸੌਂਪੇ ਜਾਣਗੇ | ਇਸ ਦੇ ਨਾਲ-ਨਾਲ ਸੂਬਾ ਲੀਡਰਸ਼ਿਪ ਵਲੋਂ ਹਰ ਰਾਜਨੀਤਿਕ ਪਾਰਟੀ ਦੇ ਸੂਬਾਈ ਪ੍ਰਧਾਨਾਂ ਅਤੇ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਪੱਤਰ ਜਾਰੀ ਕੀਤਾ ਜਾਵੇਗਾ | 5 ਅਤੇ 6 ਫਰਵਰੀ 2026 ਨੂੰ ਜ਼ਿਲ੍ਹਾ ਪੱਧਰ 'ਤੇ ਹਰ ਵਿਭਾਗ ਦੇ ਕਲੈਰੀਕਲ ਕਰਮਚਾਰੀ ਕਾਲੇ ਬਿੱਲੇ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਆਪਣੇ ਰੋਸ ਦਾ ਇਜ਼ਹਾਰ ਕਰਨਗੇ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ | ਇਸ ਤੋਂ ਇਲਾਵਾ 7 ਫਰਵਰੀ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਵਿੱਚ ਅਗਲੇ ਸੰਘਰਸ਼ੀ ਐਕਸ਼ਨ ਪ੍ਰੋਗਰਾਮ ਤੈਅ ਕੀਤੇ ਜਾਣਗੇ | ਇਸ ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਕੀਤੀ ਗਈ ਵਾਅਦਾ ਖ਼ਿਲਾਫ਼ੀ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਭਰੋਸਿਆਂ ਨੂੰ ਪੂਰਾ ਨਾ ਕਰਨ ਸਬੰਧੀ ਤੱਥਾਂ ਨੂੰ ਦਰਸਾਉਂਦਾ ਸਾਲ 2026-ਮੁਲਾਜ਼ਮਾਂ ਦੇ ਰੋਸ ਵਰ੍ਹੇ ਦਾ ਕੈਲੰਡਰ ਤਿਆਰ ਕਰ ਕੇ ਰਿਲੀਜ਼ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਜਥੇਬੰਦੀ ਵਲੋਂ 9 ਮਾਰਚ ਨੂੰ ਆਪਣੇ ਇਤਿਹਾਸਿਕ ਦਿਹਾੜੇ ਨੂੰ ਵੱਡੇ ਪੱਧਰ 'ਤੇ ਜਲੰਧਰ ਵਿਖੇ ਮਨਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ | ਇਸ ਮੌਕੇ ਮੁੱਖ ਆਗੂ ਰਘਬੀਰ ਸਿੰਘ ਬਡਵਾਲ ਸੂਬਾ ਚੇਅਰਮੈਨ, ਪਿੱਪਲ ਸਿੰਘ ਸਿੱਧੂ ਅਤੇ ਖੁਸ਼ਕਰਨਜੀਤ ਸਿੰਘ ਦੋਵੇਂ ਸੂਬਾ ਸੀਨੀਅਰ ਮੀਤ ਪ੍ਰਧਾਨ ਤੋਂ ਇਲਾਵਾ ਸੀਨੀਅਰ ਆਗੂਆਂ ਵਿੱਚ ਤੇਜਿੰਦਰ ਸਿੰਘ ਨੰਗਲ, ਜਗਦੀਸ਼ ਠਾਕੁਰ, ਮਨਜਿੰਦਰ ਸਿੰਘ ਸੰਧੂ, ਨਰਿੰਦਰ ਸਿੰਘ, ਵਿਨੋਦ ਸਾਗਰ, ਰਾਜਵੀਰ ਸ਼ਰਮਾ, ਰਾਜਵੀਰ ਸਿੰਘ ਮਾਨ, ਗੁਰਸੇਵਕ ਸਿੰਘ, ਸੰਗਤ ਰਾਮ, ਨਵਵਰਿੰਦਰ ਨਵੀ, ਮੈਡਮ ਅਨੂ ਸ਼ਰਮਾ, ਸੰਦੀਪ ਭੰਬੁਕ, ਗੁਰਚਰਨ ਸਿੰਘ, ਸੋਨੂੰ ਕਸ਼ਯਪ, ਪ੍ਰਤਾਪ ਸਿੰਘ, ਜਸਦੀਪ ਸਿੰਘ ਆਦਿ ਮੀਟਿੰਗ ਵਿਚ ਸ਼ਾਮਿਲ ਸਨ |