ਮਲੌਦ, 31 ਜਨਵਰੀ (ਦਿਲਬਾਗ ਸਿੰਘ ਚਾਪੜਾ)-ਨਗਰ ਪੰਚਾਇਤ ਮਲੌਦ ਵਲੋਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਲੁਧਿਆਣਾ ਰੁਪਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਪ੍ਰਧਾਨ ਸੋਨੀਆ ਗੋਇਲ ਅਤੇ ਈ. ਓ. ਹਰਨਰਿੰਦਰ ਸਿੰਘ ਦੀ ਅਗਵਾਈ ਹੇਠ ਚਲਾਈ ਮੁਹਿੰਮ ਤਹਿਤ ਸ਼ਹਿਰ ਵਿਚੋਂ ਨਾ ਕੇਵਲ ਕੂੜਾ ਕਰਕਟ ਇਕੱਠਾ ਕੀਤਾ ਜਾ ਰਿਹਾ ਹੈ, ਸਗੋਂ ਕੂੜੇ ਨੂੰ ਖ਼ਤਮ ਕਰਨ ਲਈ ਅੱਗੇ ਪ੍ਰੋਸੈਸਿੰਗ ਵੀ ਕੀਤੀ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਜੂਨੀਅਰ ਸਹਾਇਕ ਗੁਰਜੀਤ ਸਿੰਘ ਰੋੜੀਆਂ ਅਤੇ ਸੈਨੀਟੇਸ਼ਨ ਕਲਰਕ ਰਾਕੇਸ਼ ਕੁਮਾਰ ਰੋੜੀਆਂ ਨੇ ਦੱਸਿਆ ਕਿ ਡੋਰ ਟੂ ਡੋਰ ਕਲੈਕਸ਼ਨ ਰਾਹੀਂ ਇਕੱਤਰ ਕੂੜੇ ਵਿਚੋਂ ਨਗਰ ਪੰਚਾਇਤ ਵਲੋਂ ਗਿੱਲਾ ਕੂੜਾ ਅਲੱਗ ਕਰ ਕੇ ਉਸ ਤੋਂ ਖਾਦ ਤਿਆਰ ਕੀਤੀ ਜਾ ਰਹੀ ਹੈ ਜਦਕਿ ਸੁੱਕੇ ਕੂੜੇ ਵਿਚੋਂ ਪਲਾਸਟਿਕ, ਗੱਤਾ, ਕੱਪੜੇ ਅਤੇ ਹੋਰ ਕੂੜਾ ਅਲੱਗ-ਅਲੱਗ ਕਰ ਕੇ ਰੀਸਾਈਕਲ ਲਈ ਭੇਜਿਆ ਜਾਂਦਾ ਹੈ, ਜਿਸ ਤਹਿਤ ਅੱਜ 3.2 ਟਨ ਪਲਾਸਟਿਕ ਕੁੜੇ ਦੀਆਂ ਮਸ਼ੀਨ ਰਾਹੀਂ ਬੇਲਾ ਬਣਾ ਕੇ ਆਈ. ਪੀ. ਸੀ. ਏ. ਕੰਪਨੀ ਨੂੰ ਵੇਚਿਆ ਗਿਆ ਹੈ ਜੋ ਅੱਗੋਂ ਇਸ ਦੀ ਪ੍ਰੋਸੈਸਿੰਗ ਕਰੇਗੀ | ਨਗਰ ਪੰਚਾਇਤ ਮਲੌਦ ਦੀ ਪ੍ਰਧਾਨ ਸੋਨੀਆ ਗੋਇਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੀ ਵਰਤੋਂ ਘੱਟ ਕਰਨ ਅਤੇ ਗਿੱਲਾ ਸੁੱਕਾ ਕੂੜਾ ਅਲੱਗ ਅਲੱਗ ਕਰ ਕੇ ਸਫ਼ਾਈ ਸੇਵਕਾਂ ਨੂੰ ਦੇਣ ਤਾਂ ਜੋ ਜਿੱਥੇ ਕੂੜੇ ਦੀ ਮਿਕਦਾਰ ਘਟਾਈ ਜਾ ਸਕੇ, ਉੱਥੇ ਕੂੜੇ ਦੀ ਪ੍ਰੋਸੈਸਿੰਗ ਕਰ ਕੇ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਕੂੜਾ ਮੁਕਤ ਬਣਾਇਆ ਜਾ ਸਕੇ | ਇਸ ਮੌਕੇ ਕਲਰਕ ਰਾਕੇਸ਼ ਕੁਮਾਰ, ਸੀ. ਐੱਫ. ਰਵਿੰਦਰ ਸਿੰਘ ਗਿੱਲ, ਆਪਰੇਟਰ ਅਮਿਤ ਕੁਮਾਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |