ਗੁਰੂਸਰ ਸੁਧਾਰ/ਹਲਵਾਰਾ, 22 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ, ਮਨਦੀਪ ਸਿੰਘ ਉੱਭੀ)-ਕਸਬਾ ਗੁਰੂਸਰ ਸੁਧਾਰ ਦੇ ਰੱਤੋਵਾਲ ਚੌਂਕ ਤੇ ਹਵਾਈ ਸੈਨਿਕ ਅੱਡਾ ਹਲਵਾਰਾ ਦੇ ਮੁੱਖ ਪ੍ਰਵੇਸ਼ ਦੁਆਰ ਦੇ ਵਿਚਕਾਰ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਜੈਸ਼ਨ ਬੈਂਕੁਟ ਹਾਲ ਦੇ ਨਾਲ ਸਥਿਤ ਸੋਨੀ ਆਟੋ ਇਲੈਕਟ੍ਰੀਸ਼ੀਅਨ ਦੀ ਦੁਕਾਨ 'ਤੇ ਬੀਤੀ ਰਾਤ ਚੋਰਾਂ ਨੇ ਧਾਵਾ ਬੋਲਦਿਆਂ ਸ਼ਟਰ ਭੰਨ ਕੇ ਹਨੇਰੇ ਦੀ ਆੜ ਵਿਚ ਉਥੋਂ ਕੀਮਤੀ ਸਮਾਨ ਚੋਰੀ ਕਰਨ ਉਪਰੰਤ ਕਿਸੇ ਵਾਹਨ 'ਤੇ ਲੱਦ ਕੇ ਫ਼ਰਾਰ ਹੋ ਗਏ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਦਵਿੰਦਰ ਸਿੰਘ ਸੋਨੀ ਪੁੱਤਰ ਬੂਟਾ ਸਿੰਘ ਵਾਸੀ ਅਕਾਲਗੜ੍ਹ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਦੇਰ ਸ਼ਾਮ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਤੇ ਜਦ ਅੱਜ ਸਵੇਰੇ ਆ ਕੇ ਦੇਖਿਆ ਤਾਂ ਜਿਥੇ ਦੁਕਾਨ ਦਾ ਸ਼ਟਰ ਭੰਨਿ੍ਹਆ ਹੋਇਆ ਸੀ ਉਥੇ ਸਾਰਾ ਸਮਾਨ ਅਸਤ-ਵਿਅਸਤ ਪਿਆ ਸੀ | ਸੋਨੀ ਅਨੁਸਾਰ ਚੋਰ ਉਸ ਦੀ ਦੁਕਾਨ ਵਿਚੋਂ ਕੀਮਤੀ ਐੱਲ.ਈ.ਡੀ. ਲਾਈਟਾਂ, ਇਨਵਰਟਰ ਤੇ 2 ਵੱਡੇ ਬੈਟਰੇ, 8 ਚਾਰਜ਼ਿੰਗ ਵਾਲੀਆਂ ਕਾਰਾਂ ਤੇ ਟਰੱਕਾਂ ਦੀਆਂ ਬੈਟਰੀਆਂ, 18-20 ਮੋਟਰਸਾਈਕਲ ਬੈਟਰੀਆਂ, ਹਾਈਡਰੋਲਿਕ ਜੈੱਕ ਤੋਂ ਇਲਾਵਾ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਹਨ | ਦਵਿੰਦਰ ਸਿੰਘ ਸੋਨੀ ਅਨੁਸਾਰ ਵਾਹਨਾਂ ਨੂੰ ਟਰੈਕ ਕਰਨ ਵਾਲੇ ਜੀ.ਪੀ.ਐੱਸ. ਸਿਸਟਮ ਦੀਆਂ ਕਿੱਟਾਂ ਵੀ ਦੁਕਾਨ ਵਿਚ ਪਈਆਂ ਸਨ ਪ੍ਰੰਤੂ ਸੰਭਾਵੀ ਤੌਰ 'ਤੇ ਪੜ੍ਹੇ-ਲਿਖੇ ਚੋਰ ਤੇ ਇਸ ਸਬੰਧੀ ਜਾਣਕਾਰ ਹੋਣ ਕਾਰਨ ਉਹ ਇਨ੍ਹਾਂ ਨੂੰ ਨਹੀਂ ਲੈਕੇ ਗਏ | ਉਸ ਅਨੁਸਾਰ ਦੁਕਾਨ ਵਿਚ ਲੱਗਿਆ 'ਚਿੱਪ' ਵਾਲਾ ਕੈਮਰਾ ਵੀ ਚੋਰ ਚਿੱਪ ਸਮੇਤ ਚੋਰੀ ਕਰਕੇ ਲੈ ਗਏ | ਅੱਜ ਸੂਚਨਾ ਮਿਲਣ 'ਤੇ ਥਾਣਾ ਸੁਧਾਰ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਤੇ ਪੁੁਲਿਸ ਪਾਰਟੀ ਵਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ | ਥਾਣਾ ਮੁਖੀ ਗੁਰਦੀਪ ਸਿੰਘ ਨੇ ਕਿਹਾ ਕਿ ਪੁੁਲਿਸ ਰਾਜਮਾਰਗ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਸਮੇਤ ਹੋਰ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ |