ਖੰਨਾ, 3 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਅੱਜ ਲੁਧਿਆਣਾ ਤੇ ਫ਼ਤਿਹਗੜ੍ਹ ਸਾਹਿਬ ਜ਼ਿਲਿ੍ਹਆਂ ਦੇ ਭੱਠਾ ਮਾਲਕਾਂ ਦੀ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਵਿਚ ਇੱਟਾਂ ਦੇ ਰੇਟ ਇੱਕ ਵਾਰ ਫਿਰ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਮੀਟਿੰਗ ਦੌਰਾਨ ਇੱਟਾਂ ਦਾ ਭਾਅ ਹੁਣ 8800 ਰੁਪਏ ਪ੍ਰਤੀ ਹਜ਼ਾਰ ਤੈਅ ਕੀਤਾ ਗਿਆ ਹੈ | ਇਸ ਫ਼ੈਸਲੇ ਦੇ ਪਿੱਛੇ ਕੋਲੇ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਮੁੱਖ ਕਾਰਨ ਦੱਸਿਆ ਗਿਆ ਹੈ | ਭੱਠਾ ਮਾਲਕ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਅਤੇ ਖੰਨਾ ਇਕਾਈ ਪ੍ਰਧਾਨ ਹਰਪਾਲ ਸਿੰਘ ਅÏਜਲਾ ਨੇ ਕਿਹਾ ਕਿ ਇਸ ਵੇਲੇ ਭੱਠਾ ਉਦਯੋਗ ਗੰਭੀਰ ਸੰਕਟ ਵਿਚੋਂ ਲੰਘ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕਰੀਬ 50 ਫ਼ੀਸਦੀ ਭੱਠੇ ਪਹਿਲਾਂ ਹੀ ਬੰਦ ਪਏ ਹਨ ਅਤੇ ਜੋ ਚੱਲ ਰਹੇ ਹਨ, ਉਹ ਵੀ ਘਾਟੇ ਵਿਚ ਕੰਮ ਕਰ ਰਹੇ ਹਨ | ਕੋਲੇ ਦੀ ਕੀਮਤ ਹੁਣ 20 ਹਜ਼ਾਰ ਰੁਪਏ ਪ੍ਰਤੀ ਟਨ ਤੋਂ ਵੱਧ ਹੋ ਚੁੱਕੀ ਹੈ, ਜਿਸ ਨਾਲ ਉਤਪਾਦਨ ਲਾਗਤ ਬਹੁਤ ਵਧ ਗਈ ਹੈ | ਉਨ੍ਹਾਂ ਦੋਸ਼ ਲਾਇਆ ਕਿ ਵੱਡੇ ਕਾਰਪੋਰੇਟ ਘਰਾਣੇ ਆਪਣੇ ਮਨਮਰਜ਼ੀ ਨਾਲ ਰੇਟ ਤੈਅ ਕਰ ਰਹੇ ਹਨ ਅਤੇ ਛੋਟੇ ਭੱਠਾ ਮਾਲਕਾਂ 'ਤੇ ਇਹ ਕੀਮਤਾਂ ਥੋਪੀਆਂ ਜਾ ਰਹੀਆਂ ਹਨ | ਇਸ ਕਾਰਨ ਉਦਯੋਗ ਚਲਾਉਣਾ ਅÏਖਾ ਹੁੰਦਾ ਜਾ ਰਿਹਾ ਹੈ | ਪੰਜਾਬ ਵਿਚ ਭੱਠਾ ਉਦਯੋਗ ਦੀ ਮਾੜੀ ਹਾਲਤ ਦੇ ਕਈ ਵੱਡੇ ਕਾਰਨ ਹਨ | ਸਭ ਤੋਂ ਵੱਡਾ ਕਾਰਨ ਬਾਲਣ ਦੀ ਵਧਦੀ ਕੀਮਤ ਹੈ | ਪਹਿਲਾਂ ਕੋਲਾ 10,500 ਤੋਂ 11,500 ਰੁਪਏ ਪ੍ਰਤੀ ਟਨ ਮਿਲਦਾ ਸੀ, ਪਰ ਹੁਣ ਇਹ ਲਗਭਗ ਦੋਗੁਣਾ ਹੋ ਗਿਆ ਹੈ | ਇਸ ਤੋਂ ਇਲਾਵਾ ਜੀ. ਐੱਸ. ਟੀ. 5 ਫ਼ੀਸਦੀ ਤੋਂ ਵਧਾ ਕੇ 18 ਫ਼ੀਸਦੀ ਕਰਨ ਨਾਲ ਵੀ ਮਾਲਕਾਂ 'ਤੇ ਵਾਧੂ ਬੋਝ ਪਿਆ ਹੈ | ਸਰਕਾਰ ਵਲੋਂ ਭੱਠਿਆਂ ਵਿੱਚ 20 ਤੋਂ 50 ਫ਼ੀਸਦੀ ਤੱਕ ਝੋਨੇ ਦੀ ਪਰਾਲੀ ਵਰਤਣ ਦੇ ਹੁਕਮ ਵੀ ਦਿੱਤੇ ਗਏ ਹਨ | ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਇਸ ਨਾਲ ਇੱਟਾਂ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ ਅਤੇ ਉਤਪਾਦਨ ਵਿਚ ਵੀ ਦਿੱਕਤਾਂ ਆ ਰਹੀਆਂ ਹਨ | ਇਨ੍ਹਾਂ ਸਮੱਸਿਆਵਾਂ ਕਾਰਨ ਕਈ ਭੱਠਾ ਮਾਲਕਾਂ ਨੇ ਇਸ ਵਾਰ ਆਪਣੇ ਭੱਠੇ ਲੰਬੇ ਸਮੇਂ ਲਈ ਬੰਦ ਕਰਨ ਦਾ ਫ਼ੈਸਲਾ ਲਿਆ ਹੈ | ਇਸ ਸਾਰੇ ਸੰਕਟ ਦਾ ਸਿੱਧਾ ਅਸਰ ਉਸਾਰੀ ਖੇਤਰ ਅਤੇ ਆਮ ਲੋਕਾਂ 'ਤੇ ਪੈ ਰਿਹਾ ਹੈ | ਪਿਛਲੇ ਕੁੱਝ ਦਿਨਾਂ ਵਿਚ ਹੀ ਇੱਟਾਂ ਦੇ ਰੇਟ ਵਿਚ 800 ਤੋਂ 1200 ਰੁਪਏ ਪ੍ਰਤੀ ਹਜ਼ਾਰ ਤੱਕ ਵਾਧਾ ਹੋਇਆ ਹੈ | ਇਸ ਨਾਲ ਘਰ ਬਣਾਉਣ ਵਾਲਿਆਂ ਅਤੇ ਰੀਅਲ ਅਸਟੇਟ ਸੈਕਟਰ ਨੂੰ ਵੱਡਾ ਝਟਕਾ ਲੱਗ ਰਿਹਾ ਹੈ | ਭੱਠਾ ਮਾਲਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਲੇ ਦੀਆਂ ਕੀਮਤਾਂ 'ਤੇ ਕਾਬੂ ਪਾਇਆ ਜਾਵੇ ਅਤੇ ਨੀਤੀਆਂ ਵਿਚ ਰਾਹਤ ਦਿੱਤੀ ਜਾਵੇ ਤਾਂ ਜੋ ਇਸ ਉਦਯੋਗ ਨੂੰ ਦੁਬਾਰਾ ਪਟੜੀ 'ਤੇ ਲਿਆਂਦਾ ਜਾ ਸਕੇ |