ਮਲੌਦ, 5 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)- ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਨੇ ਗੁਰਬਾਣੀ ਪ੍ਰਮਾਣਾਂ ਰਾਹੀ ਦੱਸਿਆ ਕਿ ਗੁਰਬਾਣੀ ਤਾਂ ਸਗਲੀ ਧਰਤੀ ਸਾਧ ਕੀ ਅਨੁਸਾਰ ਨਾਮ ਜਪਣ ਤੇ ਜਪਾਉਣ ਵਾਲਿਆਂ ਦੀ ਹੈ, ਪਰ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਅਗਨੀ ਕਾਂਡ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਜ਼ਮੀਨ ਦਾ ਮਸਲਾ ਬਣਾ ਕੇ ਪੇਸ਼ ਕਰਨ ਵਾਲੇ ਸਿਆਸੀ ਆਗੂ ਅੱਜ ਭਾਵੇ ਸਿਆਸੀ ਤੌਰ 'ਤੇ ਨੁੱਕਰੇ ਲੱਗੇ ਹੋਏ ਹਨ, ਪਰ ਜੋ ਨੁਕਸਾਨ ਪਿਛਲੇ ਕਰੀਬ 27 ਸਾਲ ਤੋਂ ਇਸ ਅਸਥਾਨ ਨਾਲ ਜੁੜੇ ਸ਼ਰਧਾਲੂਆਂ ਜਥੇ ਦੇ ਸਿੰਘਾਂ ਅਤੇ ਪਿੰਡ ਵਾਸੀਆਂ ਦਾ ਹੋ ਚੁੱਕਾ ਹੈ, ਇਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਦੱਸਿਆ ਕਿ ਖਾਲਸੇ ਦੇ 300 ਸਾਲਾ ਪ੍ਰਗਟ ਦਿਵਸ ਸਮੇਂ ਜਦੋਂ 1999 ਵਿੱਚ ਉਹ ਸ਼੍ਰੀ ਅਨੰਦਪੁਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਮੰਨ ਕੇ ਸੰਤ ਸਮਾਜ ਦੀ ਸਟੇਜ ਤੇ ਚਲੇ ਗਏ | ਉਸੇ ਸਮੇਂ ਤੋਂ ਇਸ ਅਸਥਾਨ ਨੂੰ ਨਿਸ਼ਾਨਾ ਬਣਾਇਆ ਗਿਆ | ਜਦੋਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋ ਧੜੇ ਬਣ ਗਏ ਸਨ, ਉਸ ਸਮੇਂ ਉਹ ਸਿਆਸੀ ਸਟੇਜ ਤੇ ਨਹੀਂ ਗਏ, ਜਿਸ ਕਾਰਣ ਉਨ੍ਹਾਂ ਉੱਪਰ ਝੂਠੇ ਕੇਸ ਪਾ ਕੇ ਜਥੇ ਦੇ ਸਿੰਘਾਂ ਸਮੇਤ ਜੇਲ੍ਹ ਭੇਜਿਆ ਗਿਆ | ਢੱਕੀ ਸਾਹਿਬ ਦੀ ਨਾਕਾਬੰਦੀ ਕਰਕੇ ਰਸਤੇ ਬੰਦ ਕਰ ਦਿਤੇ ਗਏ | ਗਿਣਤੀ ਦੇ ਸਿੰਘ ਹੀ ਅੰਦਰ ਰਹਿੰਦੇ ਸਨ ਜਿਹੜੇ ਮਾਲ, ਡੰਗਰ, ਘੋੜੇ, ਹਾਥੀ ਆਦਿ ਲਈ ਹਰੇ ਚਾਰੇ ਅਤੇ ਦਾਣੇ ਫੱਕੇ ਲਈ ਬੜੀ ਮੁਸਕਲ ਨਾਲ ਪ੍ਰਬੰਧ ਕਰਦੇ ਸਨ | 2 ਦਸਬੰਰ 1999 ਨੂੰ ਇਕ ਸੋਚੀ ਸਮਝੀ ਸਾਜ਼ਿਸ਼ ਨਾਲ ਇਸ ਅਸਥਾਨ ਉੱਪਰ ਕਬਜਾ ਕਰਨ ਦੀ ਨੀਅਤ ਨਾਲ ਵੱਡੀ ਗਿਣਤੀ ਵਿੱਚ ਕਿਰਾਏ ਦੇ ਲਿਆਂਦੇ ਲੋਕਾ ਵੱਲੋਂ ਹਮਲਾ ਕੀਤਾ ਗਿਆ ਭਾਵੇ ਅੰਦਰ ਰਹਿੰਦੇ ਮੁੱਠੀ ਭਰ ਸਿੰਘਾਂ ਨੇ ਡਟਕੇ ਮੁਕਾਬਲਾ ਕੀਤਾ, ਪਰ ਕਬਜ਼ੇ ਦੀ ਨੀਅਤ ਨਾਲ ਆਏ ਹਜੂਮ ਨੇ ਸਰਕੜੇ ਦੀਆਂ ਛੰਨਾਂ ਅਤੇ ਘੋੜਿਆਂ ਦੇ ਤਬੇਲੇ ਨੂੰ ਅੱਗਾਂ ਲਾ ਦਿਤੀਆ ਅਤੇ ਬੇ ਜ਼ੁਬਾਨ ਘੋੜੇ ਘੋੜੀਆਂ ਅਤੇ ਪਸ਼ੂਆਂ ਤੱਕ ਦੇ ਟੱਕ ਮਾਰੇ ਗਏ | ਅੱਗ ਨਾਲ ਗੁਰਬਾਣੀ ਦੀਆਂ 6 ਸੈਂਚੀਆਂ 2500 ਗੁਟਕਾ ਸਾਹਿਬ ਗੁਰਬਾਣੀ ਸਹਿਤ, ਕਕਾਰ ਅਤੇ ਮਿਊਜ਼ਿਕ ਸਿਸਟਮ ਅੱਗ ਦੀ ਭੇਟ ਚੜ ਗਿਆ | ਭਾਵੇ ਸਿਆਸੀ ਸਹਿ 'ਤੇ ਇਹ ਦੋਸ਼ ਵੀ ਜਥੇ ਦੇ ਅੰਦਰਲੇ ਸਿੰਘਾਂ ਉੱਪਰ ਹੀ ਲਾਉਣ ਦੀ ਤਿਆਰੀ ਹੋ ਗਈ ਸੀ ਪਰ ਜਥੇ ਦੇ ਇਕ ਸਿੰਘ ਨੇ ਹਮਲਾ ਕਰਨ ਅਤੇ ਅੱਗ ਲਾਉਣ ਵਾਲਿਆ ਨੂੰ ਕੈਮਰੇ ਵਿੱਚ ਕੈਦ ਕਰ ਲਿਆ, ਜਿਸ ਕਾਰਨ ਪੁਲਿਸ ਨੂੰ ਮਜਬੂਰੀ ਕਾਰਨ ਅਸਲ ਦੋਸ਼ੀਆਂ ਖ਼ਿਲਾਫ਼ ਕੇਸ ਕਰਨੇ ਪਏ | ਉਸ ਸਮੇਂ ਪੂਰਾ ਸੰਤ ਸਮਾਜ ਅਤੇ ਖ਼ੁਦ ਪ੍ਰਕਾਸ਼ ਸਿੰਘ ਬਾਦਲ ਵੀ ਢੱਕੀ ਸਾਹਿਬ ਦੇ ਹਾਲਾਤ ਵੇਖਣ ਪੁੱਜੇ, ਪਰ ਸੰਤ ਬਾਬਾ ਦਰਸਨ ਸਿੰਘ ਖ਼ਾਲਸਾ ਵੱਲੋਂ ਗੁਰਬਾਣੀ ਦੀ ਕੀਤੀ ਬੇਅਦਬੀ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣ ਲਈ ਜਥੇ ਦੇ ਸਿੰਘਾ ਨੂੰ ਮਨੁੱਖੀ ਅਧਿਕਾਰ ਸੰਗਠਨ ਅਤੇ ਗੁਰਬਾਣੀ ਨੂੰ ਪ੍ਰੇਮ ਕਰਨ ਵਾਲਿਆਂ ਨੂੰ ਨਾਲ ਲੈ ਕਿ ਇਸ ਮਸਲੇ ਦੀ ਸੀ. ਬੀ. ਆਈ. ਤੱਕ ਜਾਂਚ ਕਰਵਾਈ | ਅਦਾਲਤਾਂ ਰਾਹੀ ਦੋਸ਼ੀਆਂ ਨੂੰ ਸਜਾਵਾਂ ਦਿਵਾਈਆਂ | ਅੱਜ ਵੀ ਰਹਿੰਦੇ ਦੋਸ਼ੀਆਂ ਨੂੰ ਸਾਜਾਵਾਂ ਕਰਵਾਉਣ ਲਈ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ, ਜਿਹਨਾਂ ਦੀ ਭਾਈ ਗੁਰਦੀਪ ਸਿੰਘ ਵੱਲੋਂ ਮਹਾਪੁਰਖਾਂ ਦੇ ਹੁਕਮਾ ਅਨੁਸਾਰ ਪੈਰਵਾਈ ਕੀਤੀ ਜਾ ਰਹੀ ਹੈ | ਪਰ ਇਨਾ ਕੱੁਝ ਵਾਪਰਨ ਦੇ ਬਾਅਦ ਵੀ ਸਿਆਸੀ ਆਗੂਆਂ ਨੇ ਇਸ ਮਸਲੇ ਨੂੰ ਮਹਿਜ ਇੱਕ ਜ਼ਮੀਨੀ ਮਸਲੇ ਦਾ ਨਾਮ ਦੇ ਕੇ ਆਪਣੀ ਸਰਕਾਰ ਤੇ ਲੱਗੇ ਦੋਸ਼ਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ, ਜਿਵੇਂ ਬਰਗਾੜੀ ਮਸਲੇ ਵਿੱਚ ਸਰਕਾਰ ਨੇ ਪੱਲਾ ਝਾੜ ਦਿਤਾ ਸੀ | ਸੰਤ ਬਾਬਾ ਦਰਸਨ ਸਿੰਘ ਖ਼ਾਲਸਾ ਦਾ ਕਹਿਣਾ ਹੈ ਕਿ ਗੁਰਬਾਣੀ ਤਾਂ ਸਭ ਦੀ ਸਾਂਝੀ ਹੈ ਜੇਕਰ ਉਸੇ ਸਮੇਂ 1999 ਵਿੱਚ ਸਖ਼ਤ ਕਾਨੂੰਨ ਅਮਲ ਵਿੱਚ ਲਿਆਂਦਾ ਜਾਂਦਾ ਤਾਂ ਮੁੜ ਕੋਈ ਹਿੰਮਤ ਨਹੀਂ ਸੀ ਕਰ ਸਕਦਾ ਜੋ ਅੱਜ ਆਏ ਦਿਨ ਸੋਚੀ ਸਮਝੀ ਸਾਜ਼ਿਸ਼ ਨਾਲ ਬੇਅਦਬੀਆਂ ਕਰਕੇ ਸਿੱਖਾਂ ਦੇ ਜ਼ਖ਼ਮਾਂ ਨੂੰ ਉਚੇੜਿਆ ਜਾ ਰਿਹਾ ਹੈ | ਲੋੜ ਹੈ ਕਿਸੇ ਅਜਿਹੇ ਸਖ਼ਤ ਕਾਨੂੰਨ ਦੀ ਕਿ ਸਜਾ ਦੇ ਡਰ ਕਾਰਨ ਕੋਈ ਬੇਅਦਬੀ ਕਰਨ ਦੀ ਸੋਚ ਵੀ ਨਾ ਕਰ ਸਕੇ |