ਬਾਬਾ ਸੰਗਤ ਸਿੰਘ ਚੈਰੀਟੇਬਲ ਟਰੱਸਟ ਆਂਡਲੂ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ
ਅਜੀਤ ਡੈਸਕ
10-04-2026
ਰਾਏਕੋਟ, 9 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸਰਕਾਰੀ ਹਾਈ ਸਕੂਲ ਪਿੰਡ ਆਂਡਲੂ ਵਿਖੇ ਹਰ ਸਾਲ ਦੀ ਤਰ੍ਹਾਂ ਉੱਘੀ ਸਮਾਜ ਸੇਵੀ ਸੰਸਥਾ ਬਾਬਾ ਸੰਗਤ ਸਿੰਘ ਜੀ ਚੈਰੀਟੇਬਲ ਟਰੱਸਟ ਵਲੋਂ ਸਮੂਹ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ਅਤੇ ਪੜ੍ਹਾਈ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਨਗਦ ਇਨਾਮ ਦਿੱਤੇ ਗਏ | ਇਸ ਮੌਕੇ ਟਰੱਸਟ ਦੇ ਪ੍ਰਧਾਨ ਜਸਵੀਰ ਸਿੰਘ ਆਂਡਲੂ ਨੇ ਦੱਸਿਆ ਕਿ ਇਹ ਸੰਸਥਾ ਪਿਛਲੇ 20 ਸਾਲਾਂ ਤੋਂ ਸਮਾਜ ਸੇਵੀ ਕੰਮਾਂ ਜਿਵੇਂ ਕਿ ਸਕੂਲੀ ਬੱਚਿਆਂ ਨੂੰ ਹਰ ਸਾਲ ਸਟੇਸ਼ਨਰੀ ਵੰਡਣਾ, ਲੋੜਵੰਦ ਬੱਚਿਆਂ ਦੀ ਫ਼ੀਸ ਭਰਨਾ, ਲੋੜਵੰਦ ਮਰੀਜ਼ਾਂ ਦੀ ਮਦਦ ਕਰਨਾ, ਲੋੜਵੰਦ ਲੜਕੀਆਂ ਦੇ ਵਿਆਹ ਸਮੇਂ ਸਹਾਇਤਾ ਦੇਣਾ ਆਦਿ ਕੰਮਾਂ ਵਿਚ ਵਡਮੁੱਲਾ ਸਹਿਯੋਗ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਦੇ ਹੋਰਨਾਂ ਦਾਨੀ ਸੱਜਣਾਂ ਵਲੋਂ ਟਰੱਸਟ ਨੂੰ ਸਮੇਂ-ਸਮੇਂ 'ਤੇ ਸਿਰ ਸਹਿਯੋਗ ਦਿੱਤਾ ਜਾਂਦਾ ਹੈ | ਇਸ ਮੌਕੇ ਮਨਰਾਜ ਸਿੰਘ ਧਾਲੀਵਾਲ ਕੈਨੇਡਾ ਦੋਹਤਾ ਸੁਖਵਿੰਦਰ ਸਿੰਘ ਮੋਹਣ ਵਲੋਂ ਪਿਛਲੇ ਲੰਘੇ ਸਾਲ ਅਤੇ ਹੁਣ ਇਸ ਵਾਰ ਵੀ 31 ਹਜ਼ਾਰ ਦੀ ਨਗਦ ਸਹਾਇਤਾ ਟਰੱਸਟ ਲਈ ਭੇਜੀ ਗਈ ਹੈ | ਇਸ ਤੋਂ ਇਲਾਵਾ ਜਗਦੇਵ ਸਿੰਘ ਗਰੇਵਾਲ ਵਲੋਂ 51 ਸੌ ਰੁਪਏ ਅਤੇ ਪਰਮਜੀਤ ਸਿੰਘ ਕੈਨੇਡਾ ਵਲੋਂ 13 ਹਜ਼ਾਰ ਰੁਪਏ ਦਾਨ ਦਿੱਤੇ ਗਏ | ਇਸ ਸਮੇਂ ਟਰੱਸਟ ਦੇ ਪ੍ਰਧਾਨ ਜਸਵੀਰ ਸਿੰਘ ਆਂਡਲੂ ਨੇ ਦਾਨੀ ਸੱਜਣਾਂ ਨੂੰ ਸਹਿਯੋਗ ਦੇਣ 'ਤੇ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੇਗਾ | ਇਸ ਮੌਕੇ ਸੁਖਵਿੰਦਰ ਸਿੰਘ ਮੋਹਣ, ਸਰਪੰਚ ਹਰਵਿੰਦਰ ਸਿੰਘ ਰਾਜਾ ਆਂਡਲੂ, ਮਲਕੀਤ ਸਿੰਘ ਗਰੇਵਾਲ, ਜੁਗਰਾਜ ਸਿੰਘ ਤੂਰ, ਲਛਮਣ ਸਿੰਘ ਪੰਚ, ਬਲਵੀਰ ਸਿੰਘ ਗਰੇਵਾਲ, ਦਰਸ਼ਨ ਸਿੰਘ ਤੂਰ, ਗੁਰਮੀਤ ਸਿੰਘ ਗੋਲੂ, ਟਰੱਸਟ ਦੇ ਸੈਕਟਰੀ ਗੁਰਜੀਤ ਸਿੰਘ, ਕੈਸ਼ੀਅਰ ਧਰਮਪਾਲ ਸਿੰਘ, ਭੁਪਿੰਦਰ ਸਿੰਘ, ਕਮਲਜੀਤ ਸਿੰਘ, ਹੈੱਡਮਾਸਟਰ ਸ਼ਮਸ਼ੇਰ ਸਿੰਘ ਤੋਂ ਇਲਾਵਾ ਸਕੂਲੀ ਸਟਾਫ਼ ਅਤੇ ਬੱਚੇ ਹਾਜ਼ਰ ਸਨ |