ਡੇਹਲੋਂ, 16 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਸੀ. ਬੀ. ਐੱਸ. ਈ. ਵਲੋਂ ਐਲਾਨੇ ਕਲਾਸ 10 ਦੇ ਨਤੀਜਿਆਂ ਵਿਚ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਸਕੂਲ ਪ੍ਰਬੰਧਕਾਂ ਅਨੁਸਾਰ ਇਸ ਨਤੀਜੇ ਦੌਰਾਨ ਜਸਮਨ ਸਿੰਘ ਹੁੰਜਨ ਨੇ 94 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਪਹਿਲਾ, ਵਰਿੰਦਾ ਜਿੰਦਲ ਨੇ 93.6 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਕੇਸ਼ਵ ਪੂਰੀ ਨੇ 91.4 ਪ੍ਰਤੀਸ਼ਤ ਨਾਲ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਗੁਰਜਪਨ 91 ਪ੍ਰਤੀਸ਼ਤ, ਦੇਵਾਂਸ਼ 89.8 ਪ੍ਰਤੀਸ਼ਤ, ਨਵਨੀਤ ਕੌਰ 88.8 ਪ੍ਰਤੀਸ਼ਤ, ਗੁਰਕਿਰਤ ਸਿੰਘ ਖੱਟੜਾ 85.8 ਪ੍ਰਤੀਸ਼ਤ, ਕਰਮਜੋਤ ਕੌਰ 84.6 ਪ੍ਰਤੀਸ਼ਤ, ਬਿਸ਼ਮਨਜੋਤ ਕੌਰ 82.2 ਪ੍ਰਤੀਸ਼ਤ ਅਤੇ ਗਗਨਦੀਪ ਕੌਰ 81.6 ਪ੍ਰਤੀਸ਼ਤ ਨੇ ਵੀ ਸਕੂਲ ਦਾ ਨਾਮ ਰੌਸ਼ਨ ਕੀਤਾ | ਦੱਸਣਯੋਗ ਹੈ ਕਿ ਕੁੱਲ 120 ਵਿਦਿਆਰਥੀਆਂ ਵਿਚੋਂ 105 ਨੇ ਪਹਿਲੀ ਸ਼੍ਰੇਣੀ ਹਾਸਿਲ ਕੀਤੀ | ਜਦਕਿ 78 ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ 5 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਉੱਪਰ ਅੰਕ ਲੈ ਕੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤੇ | ਸਕੂਲ ਦੇ ਚੇਅਰਮੈਨ ਡਾ. ਐੱਸ. ਪੀ. ਸਿੰਘ ਸੋਫਤ, ਪ੍ਰਧਾਨ ਐਡਵੋਕੇਟ ਸੰਜੇ ਢੰਡ, ਡਾਇਰੈਕਟਰ ਸਪਨਾ ਢੰਡ ਨੇ ਕਿਹਾ ਕਿ ਇਹ ਨਤੀਜੇ ਉੱਚ ਮਿਆਰੀ ਸਿੱਖਿਆ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਨਿਰੰਤਰ ਮਿਹਨਤ ਦਾ ਪ੍ਰਤੀਕ ਹਨ | ਸਕੂਲ ਪਿ੍ੰਸੀਪਲ ਬਿਪਨ ਸੇਠੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਲਗਨ, ਮਾਪਿਆਂ ਦੇ ਸਹਿਯੋਗ ਅਤੇ ਅਧਿਆਪਕਾਂ ਦੀ ਸਮਰਪਿਤ ਰਹਿਨੁਮਾਈ ਦਾ ਨਤੀਜਾ ਹੈ |