ਸਾਹਨੇਵਾਲ, 16 ਅਪ੍ਰੈਲ (ਹਨੀ ਚਾਠਲੀ)-ਪੰਥ ਪ੍ਰਸਿੱਧ ਪ੍ਰਚਾਰਕ ਤੇ ਕਥਾ ਵਾਚਕ ਸੰਤ ਬਾਬਾ ਹਰੀ ਸਿੰਘ ਰੰਧਾਵਾ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਕਲਗ਼ੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਨੇ ਸੀਬੀਐਸਈ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ 100 ਪ੍ਰਤੀਸ਼ਤ ਪਾਸ ਨਤੀਜਾ ਪ੍ਰਾਪਤ ਕਰਦੇ ਹੋਏ ਆਪਣੀਆਂ ਪ੍ਰਾਪਤੀਆਂ ਵਿਚ ਇੱਕ ਹੋਰ ਮੀਲ ਪੱਥਰ ਸ਼ਾਮਿਲ ਕੀਤਾ | ਲਗਭਗ 125 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਅਤੇ ਆਪਣੀ ਸੰਸਥਾ ਦਾ ਨਾਮ ਰੌਸ਼ਨ ਕੀਤਾ | ਇਹ ਪੇਂਡੂ ਪਿਛੋਕੜ ਵਾਲੇ ਵਿਦਿਆਰਥੀਆਂ ਲਈ ਬਹੁਤ ਹੀ ਪ੍ਰੇਰਨਾਦਾਇਕ ਹੈ, ਕਿਉਂਕਿ ਉਨ੍ਹਾਂ ਦੀ ਵਿੱਦਿਅਕ ਸਰੋਤਾਂ ਤੱਕ ਪਹੁੰਚ ਸੀਮਤ ਹੈ ਅਤੇ ਕਈ ਮਾਮਲਿਆਂ ਵਿਚ ਮਾਪੇ ਰਸਮੀ ਤੌਰ 'ਤੇ ਜ਼ਿਆਦਾ ਸਿੱਖਿਅਤ ਨਹੀਂ ਹਨ | ਇਨ੍ਹਾਂ ਚੁਨੌਤੀਆਂ ਦੇ ਬਾਵਜੂਦ ਵਿਦਿਆਰਥੀਆਂ ਨੇ ਆਪਣੀ ਮਿਹਨਤ ਤੇ ਲਗਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਦਸਵੀਂ ਦੇ ਬੈਚ (2025-26) ਦੀ ਅਗਵਾਈ ਕਰਦੇ ਹੋਏ ਨਵਿਆ ਸੂਦ ਨੇ ਪ੍ਰਭਾਵਸ਼ਾਲੀ 96 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ, ਉਹ ਭਵਿੱਖ ਵਿਚ ਇੱਕ ਬਾਇਓ ਟੈਕਨਾਲੋਜਿਸਟ ਬਣਨ ਦੀ ਇੱਛਾ ਰੱਖਦੀ ਹੈ | ਇੱਕ ਕਿਸਾਨ ਦੀ ਧੀ ਕੋਮਲਪ੍ਰੀਤ ਕੌਰ ਦਾ ਟੀਚਾ ਇੱਕ ਕਾਰਡੀਓਲੋਜਿਸਟ ਬਣਨ ਦਾ ਹੈ | ਕਰਾਟੇ ਵਿਚ ਰਾਜ ਪੱਧਰੀ ਸੋਨ 'ਤੇ ਚਾਂਦੀ ਤਗਮੇ ਜੇਤੂ ਗੁਰਨੂਰ ਕੌਰ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ | ਇਸ ਤੋਂ ਇਲਾਵਾ ਲਵਿਸ਼ਾ ਕੰਪਿਊਟਰ ਇੰਜੀਨੀਅਰ ਬਣਨ ਦਾ ਸੁਪਨਾ ਵੇਖਦੀ ਹੈ | ਜਦ ਕਿ ਚਾਹਤਪ੍ਰੀਤ ਕੌਰ ਡਾਕਟਰੀ ਦੇ ਪੇਸ਼ੇ ਵਿਚ ਇੱਕ ਸਕਿਨ ਦੀ ਮਾਹਿਰ ਡਾਕਟਰ ਬਣਨਾ ਚਾਹੁੰਦੀ ਹੈ | ਇੱਕ ਹੋਰ ਕਿਸਾਨ ਪਰਿਵਾਰ ਨਾਲ ਸੰਬੰਧਿਤ ਵਿਦਿਆਰਥਣ ਨੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਦੇ ਹੋਏ ਕਿਹਾ ਕਿ ਉਹ ਇੱਕ ਅਪਰਾਧਿਕ ਬਚਾਅ ਪੱਖ ਦੀ ਵਕੀਲ ਬਣਨ ਦਾ ਸੁਪਨਾ ਰੱਖਦੀ ਹੈ | ਸਕੂਲ ਦੇ ਚੇਅਰਮੈਨ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਸਕੂਲ ਪ੍ਰਸ਼ਾਸਨ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਤਸੱਲੀ ਜ਼ਾਹਿਰ ਕਰਦੇ ਹੋਏ ਸਭ ਨੂੰ ਵਧਾਈ ਦਿੱਤੀ | ਸਕੂਲ ਦੇ ਮੈਨੇਜਰ ਲਖਵੀਰ ਸਿੰਘ ਹਰਾ, ਪਿ੍ੰਸੀਪਲ ਭੁਪਿੰਦਰਜੀਤ ਕੌਰ ਬੇਦੀ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਉਪਲਬਧੀ 'ਤੇ ਦਿਲੋਂ ਮਾਣ ਪ੍ਰਗਟ ਕਰਦੇ ਹੋਏ ਵਿਦਿਆਰਥੀ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਇਸ ਸ਼ਾਨਦਾਰ ਪ੍ਰਾਪਤੀ ਪਿੱਛੇ ਅਧਿਆਪਕਾਂ ਦੇ ਨਿਰੰਤਰ ਯਤਨ ਅਤੇ ਵਿਦਿਆਰਥੀਆਂ ਦੁਆਰਾ ਕੀਤੀ ਗਈ ਸਖ਼ਤ ਮਿਹਨਤ ਸੀ ਜਿਸ ਕਾਰਨ ਇਸ ਸੰਸਥਾ ਦਾ ਨਾਮ ਹੋਰ ਉੱਚਾ ਹੋਇਆ |