ਰਾਏਕੋਟ, 19 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ. ਸੋਭਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੇ ਵਿਦਿਆਰਥੀਆਂ ਨੇ ਇਕ ਵਾਰ ਫੇਰ ਸੀ.ਬੀ.ਐਸ.ਈ ਬੋਰਡ ਨਵੀਂ ਦਿੱਲੀ ਵਲੋਂ ਐਲਾਨੇ ਦਸਵੀਂ ਕਲਾਸ ਦੇ ਬੋਰਡ ਨਤੀਜਿਆਂ ਵਿਚ ਮੱਲਾਂ ਮਾਰ ਕੇ ਸੰਸਥਾ ਦਾ ਨਾਂਅ ਚਮਕਾਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਸ੍ਰੀਮਤੀ ਕਵਿਤਾ ਸ਼ਰਮਾ ਨੇ ਦੱਸਿਆ ਕਿ ਦਸਵੀਂ ਜਮਾਤ ਦੇ ਨਤੀਜੇ ਵਿਚੋਂ ਵਿਦਿਆਰਥਣ ਕਿ੍ਸ਼ਮਾ ਤੇ ਪੱਲਵੀ ਨੇ 96 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ, ਗੁਰਲੀਨ ਕੌਰ ਤੇ ਇਸ਼ਪ੍ਰੀਤ ਕੌਰ ਨੇ 94 ਫ਼ੀਸਦੀ ਅੰਕਾਂ ਨਾਲ ਦੂਜਾ, ਰਕਸ਼ਿਤ ਗੁਪਤਾ ਨੇ 93 ਫ਼ੀਸਦੀ ਅੰਕਾਂ ਨਾਲ ਤੀਜਾ, ਕਰਿਤਿਕਾ ਜੈਨ, ਰਾਸ਼ੀ ਗੁਪਤਾ, ਨਵਰੂਪ ਨੇ 92 ਫ਼ੀਸਦੀ ਅੰਕਾਂ ਨਾਲ ਚੌਥਾ ਅਤੇ ਗਵਿਅਮ ਗੁਗਲਾਨੀ ਨੇ 90 ਫੀਸਦੀ ਅੰਕ ਪ੍ਰਾਪਤ ਕਰਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ | ਉਨ੍ਹਾਂ ਆਖਿਆ ਕਿ ਸਕੂਲ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 100 ਫ਼ੀਸਦੀ ਰਿਹਾ ਹੈ ਅਤੇ ਸਭ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ ਹੈ | ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਿ੍ੰਸੀਪਲ ਸ੍ਰੀਮਤੀ ਕਵਿਤਾ ਸ਼ਰਮਾ ਨੇ ਆਖਿਆ ਕਿ ਇਸ ਸ਼ਾਨਦਾਰ ਕਾਰਗੁਜ਼ਾਰੀ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਮਾਰਗਦਰਸ਼ਨ ਨੂੰ ਜਾਂਦਾ ਹੈ, ਜਿਨ੍ਹਾਂ ਦੀ ਅਣ-ਥੱਕ ਮਿਹਨਤ ਨਾਲ ਨਤੀਜਾ ਸ਼ਲਾਘਾਯੋਗ ਰਿਹਾ ਹੈ | ਉਨ੍ਹਾਂ ਸਮੂਹ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਉੱਚ ਮਿਆਰ ਬਣਾਈ ਰੱਖਣ ਦੀ ਅਪੀਲ ਕੀਤੀ |