ਬੀਜਾ, 20 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਆਈ. ਸੀ. ਐੱਸ. ਈ.ਤੋਂ ਮਾਨਤਾ ਪ੍ਰਾਪਤ ਕੁਲਾਰ ਪਬਲਿਕ ਸਕੂਲ ਖੰਨਾ ਕਿਸ਼ਨਗੜ੍ਹ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ਦੀ ਉਸਾਰੂ ਸੋਚ ਨੂੰ ਮੁੱਖ ਰੱਖਦਿਆਂ ਸਕੂਲ ਸਟਾਫ਼ ਨੇ ਨਰਸਰੀ ਦੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨਾਲ ਇੱਕ ਅਰਥਪੂਰਨ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ | ਇਸ ਪਹਿਲਕਦਮੀ ਦਾ ਉਦੇਸ਼ ਛੋਟੀ ਉਮਰ ਤੋਂ ਹੀ ਨੌਜਵਾਨ ਵਿਦਿਆਰਥੀਆਂ ਨੂੰ ਕੁਦਰਤ ਨਾਲ ਜੋੜਨਾ ਅਤੇ ਉਨ੍ਹਾਂ ਵਿਚ ਵਾਤਾਵਰਨ ਨੂੰ ਪਿਆਰ ਕਰਨ, ਬਚਾਉਣ ਅਤੇ ਸੰਭਾਲਣ ਦੀਆਂ ਕਦਰਾਂ-ਕੀਮਤਾਂ ਪੈਦਾ ਕਰਨਾ ਸੀ | ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਦੂਜੇ ਦਿਨ ਧਰਤੀ ਦਿਵਸ ਨੂੰ ਸਮਰਪਿਤ ਸੀਨੀਅਰ ਵਿਦਿਆਰਥੀਆਂ ਵਲੋਂ ਇੱਕ ਪ੍ਰਭਾਵਸ਼ਾਲੀ ਜਾਗਰੂਕਤਾ ਰੈਲੀ ਕੱਢੀ ਗਈ | ਤੇਜ਼ ਗਰਮੀ ਦੇ ਬਾਵਜੂਦ ਵਿਦਿਆਰਥੀਆਂ ਦਾ ਜੋਸ਼ ਕਾਬਿਲ-ਏ-ਤਾਰੀਫ਼ ਸੀ | ਉਹ ਸਕੂਲ ਤੋਂ ਨਿਕਲ ਕੇ ਨੇੜਲੇ ਪਿੰਡ ਕਿਸ਼ਨਗੜ੍ਹ ਵਿਖੇ ਗਏ ਅਤੇ ਆਪਣੇ ਆਪਣੇ ਬਣਾਏ ਹੋਏ ਪੋਸਟਰ ਹੱਥਾਂ 'ਚ ਲੈ ਕੇ ਲੋਕਾਂ ਨੂੰ ਵਿਦਿਆਰਥੀਆਂ ਨੇ ਉਸਾਰੂ ਤੇ ਪ੍ਰਭਾਵਸ਼ਾਲੀ ਨਾਅਰਿਆਂ ਦੌਰਾਨ ਜਾਗਰੂਕ ਕੀਤਾ | ਇਸ ਮੌਕੇ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵਲੋਂ ਇਸ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ | ਪਿੰਡ ਦੇ ਵੱਖ-ਵੱਖ ਸਥਾਨਾਂ 'ਤੇ ਬੱਚਿਆਂ ਵਲੋਂ ਪੌਦੇ ਲਗਾਏ ਗਏ | ਜਿਸ ਨਾਲ ਇਹ ਇੱਕ ਪ੍ਰਭਾਵਸ਼ਾਲੀ ਸਮੁਦਾਇਕ ਮੁਹਿੰਮ ਵਜੋਂ ਸਫਲਤਾਪੂਰਵਕ ਪੂਰੀ ਹੋਈ | ਇਸ ਮੁਹਿੰਮ ਦੀ ਸਮਾਪਤੀ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ, ਜਿੱਥੇ ਨਗਰ ਨਿਵਾਸੀਆਂ ਦੇ ਭਰਵਾਂ ਇਕੱਠ ਹੋਇਆ | ਇਸ ਮੌਕੇ ਪੀ. ਏ. ਡੀ. ਬੀ. ਬੈਂਕ ਖੰਨਾ ਦੇ ਚੇਅਰਮੈਨ ਬੇਅੰਤ ਸਿੰਘ ਜੱਸੀ ਨੇ ਕੁਲਾਰ ਸਕੂਲ ਦਾ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿਚ ਇੱਕ ਇੱਕ ਰੁੱਖ ਤੇ ਉਸ ਦੀ ਸੰਭਾਲ ਕਰ ਕੇ ਆਪਣਾ ਫ਼ਰਜ਼ ਅਦਾ ਕਰਨਾ ਚਾਹੀਦਾ ਹੈ | ਬੱਚਿਆਂ ਵਲੋਂ ਕੱਢੀ ਗਈ ਰੈਲੀ ਮਾਰਗ ਦਰਸ਼ਕ ਬਣ ਗਈ ਹੈ | ਇਸ ਦੌਰਾਨ ਵਿਦਿਆਰਥੀਆਂ ਵਲੋਂ ਵਾਤਾਵਰਨ ਦੀ ਸੰਭਾਲ ਦੇ ਆਧਾਰਿਤ ਪ੍ਰੇਰਣਾਦਾਇਕ ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਰਾਹੀਂ ਧਰਤੀ ਨੂੰ ਬਚਾਉਣ, ਪ੍ਰਦੂਸ਼ਣ ਘਟਾਉਣ ਅਤੇ ਪਾਣੀ ਬਚਾਉਣ ਦਾ ਸੰਦੇਸ਼ ਦਿੱਤਾ ਗਿਆ | ਕੁਲਾਰ ਕੈਂਪਸ ਵਿਖੇ ਰੈਲੀ ਦੀ ਸ਼ੁਰੂਆਤ ਕਰਨ ਮੌਕੇ ਸਕੂਲ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ, ਪ੍ਰਧਾਨ ਡਾ. ਕੁਲਦੀਪਕ ਸਿੰਘ ਕੁਲਾਰ, ਡਾਇਰੈਕਟਰ ਰੁਪਿੰਦਰ ਸਿੰਘ, ਅਤੇ ਪਿੰ੍ਰਸੀਪਲ ਨੇ ਵਿਦਿਆਰਥੀਆਂ ਅਤੇ ਸਟਾਫ਼ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਵਾਤਾਵਰਨ ਜਾਗਰੂਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਵੱਲ ਇੱਕ ਮਹੱਤਵਪੂਰਨ ਕਦਮ ਕਰਾਰ ਦਿੱਤਾ | ਇਸ ਮੌਕੇ ਓਬੇਸਿਟੀ ਐਂਡ ਮੈਟਾਬੋਲਿਕ ਸਰਜਰੀ ਸੋਸਾਇਟੀ ਆਫ਼ ਇੰਡੀਆ ਦੇ ਪ੍ਰਧਾਨ ਡਾ. ਕੁਲਦੀਪਕ ਸਿੰਘ ਕੁਲਾਰ ਨੇ ਆਖਿਆ ਕਿ ਕੁਲਾਰ ਪਬਲਿਕ ਸਕੂਲ ਖੰਨਾ ਵਿਚ ਸਿੱਖਿਆ ਸਿਰਫ਼ ਕਲਾਸ ਰੂਮ ਤੱਕ ਸੀਮਤ ਨਹੀਂ, ਸਗੋਂ ਵਿਦਿਆਰਥੀਆਂ ਨੂੰ ਸਮਾਜ ਅਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰ ਬਣਾਉਣ 'ਤੇ ਵੀ ਜ਼ੋਰ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਕੂਲ ਦਾ ਮਕਸਦ ਇਸ ਤਰ੍ਹਾਂ ਦੇ ਜਾਗਰੂਕ ਨਾਗਰਿਕ ਤਿਆਰ ਕਰਨਾ ਹੈ ਜੋ ਆਪਣੇ ਕਰਮਾਂ ਨਾਲ ਮਿਸਾਲ ਬਣਨ ਅਤੇ ਸਾਫ਼-ਸੁਥਰੇ ਤੇ ਹਰੇ-ਭਰੇ ਭਵਿੱਖ ਦੇ ਨਿਰਮਾਣ ਵਿਚ ਸਰਗਰਮ ਭੂਮਿਕਾ ਨਿਭਾਉਣ |