ਖੰਨਾ, 23 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਅਨਾਜ ਮੰਡੀ ਖੰਨਾ ਵਿੱਚ ਵਿਕੀ ਕਣਕ ਦੀ ਚੁਕਾਈ ਦੀ ਸਮੱਸਿਆ ਹੁਣ ਰਾਜਨੀਤਕ ਮੁੱਦਾ ਬਣਦੀ ਜਾ ਰਹੀ ਹੈ, ਪਹਿਲਾਂ ਅੱਜ ਸਵੇਰੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਚੁਕਾਈ ਨਾ ਹੋਣ ਅਤੇ ਆੜਤੀਆ ਅਤੇ ਕਿਸਾਨਾਂ ਦਾ ਮੁੱਦਾ ਚੁੱਕਿਆ ਅਤੇ ਕਈ ਤਰਾਂ ਦੇ ਇਲਜ਼ਾਮ ਲਗਾਏ | ਬਾਅਦ ਵਿਚ ਕਾਂਗਰਸ ਸਾਂਸਦ ਡਾ. ਅਮਰ ਸਿੰਘ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੀ ਅਨਾਜ ਮੰਡੀ ਪਹੁੰਚੇ ਅਤੇ ਇਸ ਦੌਰਾਨ ਆੜਤੀਆ ਅਤੇ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ | ਇਸ ਦੌਰਾਨ ਗੁਰਕੀਰਤ ਸਿੰਘ ਕੋਟਲੀ ਨੇ ਕਣਕ ਦੀ ਚੁਕਾਈ ਲਈ ਪੈਸੇ ਲੈਣ ਦੇ ਦੋਸ਼ ਲਾਏ | ਉਨ੍ਹਾਂ ਨੇ ਕਿਹਾ ਕਿ ਟਰਾਂਸਪੋਰਟਰ ਵੱਲੋਂ ਆੜਤੀਆਂ ਤੋਂ 7 ਰੁਪਏ ਕੱਟੇ ਦੇ ਹਿਸਾਬ ਨਾਲ ਲਏ ਜਾਂਦੇ ਹਨ, ਜਦਕਿ ਸਰਕਾਰੀ ਰੇਟ 3 ਰੁਪਏ ਹੈ | ਚੁਕਾਈ ਦੇ ਪ੍ਰਬੰਧ ਸਹੀ ਨਾ ਹੋਣ ਕਰਕੇ ਆੜਤੀਆਂ ਨੂੰ ਮਜਬੂਰੀ ਵਸ ਇਹ ਪੈਸੇ ਦੇਣੇ ਪੈਂਦੇ ਹਨ | ਉਨਾਂ ਕਿਹਾ ਕਿ ਕਈ ਆੜਤੀਆਂ ਦੀ ਕਣਕ ਵੈਬ ਪੋਰਟਲ ਤੇ ਵੀ ਨਹੀਂ ਚੜਦੀ ਇਹ ਵੀ ਆੜਤੀਆਂ ਅਤੇ ਕਿਸਾਨਾਂ ਲਈ ਵੱਡੀ ਸਮੱਸਿਆ ਹੈ | ਉਨਾਂ ਕਿਹਾ ਕਿ ਇਸੇ ਕਰਕੇ ਸਰਕਾਰੀ ਅੰਕੜੇ ਵੀ ਗਲਤ ਹਨ ਅਤੇ ਮੰਡੀ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ | ਸਾਂਸਦ ਡਾ. ਅਮਰ ਸਿੰਘ ਨੇ ਦੱਸਿਆ ਕੀ ਵੇਅਰਹਾਉਸ ਦੀ ਅਦਾਇਗੀ ਦੇਰ ਨਾਲ ਹੋ ਰਹੀ ਹੈ, ਬਾਕੀ ਮੁਸ਼ਕਲਾਂ ਸੰਬੰਧੀ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਉਨਾਂ ਹਲ ਦਾ ਭਰੋਸਾ ਦਿੱਤਾ ਹੈ |