ਸਮਰਾਲਾ, 22 ਮਈ (ਗੋਪਾਲ ਸੋਫਤ)-ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵਿਖੇ ਅੱਜ ਜਸਵਿੰਦਰ ਕੌਰ ਨੇ ਪਿ੍ੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਹਰਜਤਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਡਾ. ਪਰਵਿੰਦਰ ਸਿੰਘ ਬੱਲੀ, ਉਜਾਗਰ ਸਿੰਘ ਬੈਨੀਪਾਲ, ਕੁਲਦੀਪ ਸਿੰਘ ਜਾਤੀਵਾਲ, ਸੁਰਿੰਦਰ ਸਿੰਘ ਬੇਦੀ, ਹਰਜੀਤ ਸਿੰਘ ਸ਼ੇਰੀਆਂ, ਰੁਪਿੰਦਰ ਕੌਰ ਬਲਾਲਾ, ਪ੍ਰਕਾਸ਼ ਕੌਰ, ਕੁਲਮਿੰਦਰ ਸਿੰਘ ਅਤੇ ਅੰਮਿ੍ਤਪਾਲ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਜਸਵਿੰਦਰ ਕੌਰ ਨੇ ਪੰਜਾਬੀ, ਅੰਗਰੇਜ਼ੀ ਅਤੇ ਮਨੋਵਿਗਿਆਨ ਵਿਸ਼ਿਆਂ ਵਿਚ ਐੈੱਮ. ਏ. ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ | ਉਨ੍ਹਾਂ ਕੋਲ ਅਧਿਆਪਨ ਦੇ ਖੇਤਰ 'ਚ 12 ਸਾਲ ਦਾ ਤਜਰਬਾ ਹੈ | ਉਹ ਪਿਛਲੇ 10 ਸਾਲਾਂ ਤੋਂ ਬਤੌਰ ਪਿ੍ੰਸੀਪਲ ਸੇਵਾਵਾਂ ਨਿਭਾਅ ਰਹੇ ਹਨ | ਸਿੱਖਿਆ ਵਿਚ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਹਾਲ ਹੀ ਵਿਚ ਵੱਕਾਰੀ 'ਰਵਿੰਦਰ ਨਾਥ ਟੈਗੋਰ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਉਹ ਆਪਣੇ ਕਰੀਅਰ ਦੌਰਾਨ ਕਈ ਹੋਰ ਵੱਕਾਰੀ ਇਨਾਮ ਵੀ ਜਿੱਤ ਚੁੱਕੇ ਹਨ | ਪਿ੍ੰਸੀਪਲ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਜਸਵਿੰਦਰ ਕੌਰ ਨੇ ਮਾਪਿਆਂ ਨਾਲ਼ ਵਾਇਦਾ ਕੀਤਾ ਕਿ ਉਨ੍ਹਾਂ ਦਾ ਮੁੱਖ ਟੀਚਾ ਬੱਚਿਆਂ ਵਿਚ ਮੁੜ ਤੋਂ ਪੜ੍ਹਨ ਅਤੇ ਲਿਖਣ ਦੀ ਰੁਚੀ ਪੈਦਾ ਕਰਨਾ ਹੈ | ਉਹ ਸਕੂਲ ਦੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਜਸਵਿੰਦਰ ਕੌਰ ਦਾ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਣ ਤੇ ਨਿੱਘਾ ਸਵਾਗਤ ਕੀਤਾ ਅਤੇ ਭਵਿੱਖ ਵਿਚ ਉਨ੍ਹਾਂ ਵਲੋਂ ਸਕੂਲ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ |