ਦੋਰਾਹਾ, 29 ਮਈ (ਮਨਜੀਤ ਸਿੰਘ ਗਿੱਲ)-ਅੱਜ ਦੋਰਾਹਾ ਨਗਰ ਕੌਂਸਲ ਦੇ ਦਿਲਚਸਪ ਚੋਣ ਨਤੀਜੇ ਦੇਖਣ ਨੂੰ ਮਿਲੇ ਹਨ | ਜਿਸ ਵਿੱਚ ਇੱਕੋ ਹੀ ਪਾਰਟੀ ਤੋਂ ਕੌਂਸਲਰ ਦੀ ਚੋਣ ਲੜਨ ਵਾਲੇ ਪਤੀ, ਪਤਨੀ ਅਤੇ ਉਨ੍ਹਾਂ ਦੇ ਪੁੱਤਰ ਚੋਣ ਜਿੱਤਣ 'ਚ ਸਫਲ ਹੋਏ ਹਨ | ਇਸ ਚੋਣ ਨਾਲ ਸੁਦਰਸ਼ਨ ਕੁਮਾਰ ਪੱਪੂ ਸੱਤਵੀਂ ਵਾਰ ਕੌਂਸਲਰ ਬਣਨ ਵਿੱਚ ਸਫਲ ਹੋਏ ਹਨ | ਵਾਰਡ ਨੰਬਰ ਅੱਠ ਤੋਂ ਸਾਬਕਾ ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਆਮ ਆਦਮੀ ਪਾਰਟੀ ਨੇ ਸਾਬਕਾ ਕੌਂਸਲਰ ਮਨਦੀਪ ਸਿੰਘ ਮਾਂਗਟ ਨੂੰ ਹਰਾ ਕੇ ਚੋਣ ਜਿੱਤੀ ਹੈ | ਸੁਦਰਸ਼ਨ ਕੁਮਾਰ ਪੱਪੂ ਦੀ ਧਰਮ ਪਤਨੀ ਪ੍ਰੀਆ ਸ਼ਰਮਾ ਵਾਰਡ ਨੰਬਰ 5 'ਚ ਕਾਂਗਰਸ ਪਾਰਟੀ ਦੀ ਸਰੋਜ ਰਾਣੀ ਨੂੰ ਹਰਾ ਕੇ ਕੌਂਸਲਰ ਬਣੇ ਹਨ | ਇਸ ਜਿੱਤ ਨਾਲ ਇਹ ਤੀਸਰੀ ਵਾਰ ਕੌਂਸਲਰ ਬਣੇ ਹਨ | ਇਸ ਤੋਂ ਇਲਾਵਾ ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਹੀ ਪੱਪੂ ਦੇ ਸਪੁੱਤਰ ਅਨਮੋਲ ਸ਼ਰਮਾ ਐਨੀ ਨੇ ਚੋਣ ਲੜ ਕੇ ਕਾਂਗਰਸ ਦੇ ਪ੍ਰਦੀਪ ਬਾਂਸਲ ਨੂੰ ਮਾਤ ਦਿੱਤੀ ਹੈ | ਇਸ ਚੋਣ 'ਚ ਜਿੱਥੇ ਵਾਰਡ ਨੰਬਰ 7 ਤੋਂ ਕਾਂਗਰਸ ਦੀ ਉਮੀਦਵਾਰ ਰਣਜੀਤ ਕੌਰ ਗਹੀਰ ਸਭ ਤੋਂ ਵੱਧ 637 ਵੋਟਾਂ ਨਾਲ ਜੇਤੂ ਰਹੇ, ਉੱਥੇ ਹੀ ਵਾਰਡ ਨੰਬਰ 15 ਤੋਂ ਕਾਂਗਰਸ ਦੀ ਗੁਰਮੀਤ ਕੌਰ ਸਭ ਤੋਂ ਘੱਟ ਸਿਰਫ਼ 7 ਵੋਟ ਨਾਲ ਚੋਣ ਹਾਰੇ ਹਨ |