ਪਾਇਲ, 29 ਮਈ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਇੱਥੇ ਨਗਰ ਕੌਂਸਲ ਚੋਣਾਂ ਦੇ 11 ਵਾਰਡਾਂ ਦੇ ਨਤੀਜਿਆਂ 'ਚੋਂ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ | ਜਿਨ੍ਹਾਂ 'ਚੋਂ ਕਾਂਗਰਸ ਪਾਰਟੀ ਦੇ 5, ਆਮ ਆਦਮੀ ਪਾਰਟੀ ਦੇ 3, ਸ਼੍ਰੋਮਣੀ ਅਕਾਲੀ ਦਲ ਦੇ 2 ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ | ਵਾਰਡ ਨੰਬਰ 1 ਤੋਂ ਕਾਂਗਰਸ ਦੀ ਦਾਨੋ ਰਾਣੀ, ਵਾਰਡ ਨੰਬਰ: 2 ਤੋਂ ਅਕਾਲੀ ਦਲ ਦੇ ਗੁਰਪ੍ਰੀਤ ਸਿੰਘ, ਵਾਰਡ ਨੰਬਰ 3 ਤੋਂ ਬਲਜਿੰਦਰ ਕੌਰ ਆਜ਼ਾਦ, ਵਾਰਡ ਨੰਬਰ 4 ਤੋਂ ਕਾਂਗਰਸ ਦੇ ਧਰਮਿੰਦਰ ਸਿੰਘ, ਵਾਰਡ ਨੰਬਰ 5 ਤੋਂ ਕਾਂਗਰਸ ਦੀ ਮੰਜੂ ਰਾਣੀ, ਵਾਰਡ ਨੰਬਰ 6 ਤੋਂ ਆਪ ਦੇ ਪਰਮਿੰਦਰ ਸਿੰਘ, ਵਾਰਡ ਨੰਬਰ 7 ਤੋਂ ਕਾਂਗਰਸ ਦੀ ਕਮਲਜੀਤ ਕੌਰ, ਵਾਰਡ ਨੰਬਰ 8 ਤੋਂ ਆਪ ਦੇ ਸੁਖਪ੍ਰੀਤ ਸਿੰਘ ਸੋਹੀ, ਵਾਰਡ ਨੰਬਰ 9 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਬਲਜਿੰਦਰ ਕੌਰ, ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਬੂਟਾ ਸਿੰਘ ਰਾਣੋ ਅਤੇ ਵਾਰਡ ਨੰਬਰ 11 ਤੋਂ ਕਾਂਗਰਸ ਪਾਰਟੀ ਦੀ ਮਨਜੀਤ ਕੌਰ ਜੇਤੂ ਰਹੀ | ਜਿੱਥੇ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਅਗਵਾਈ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਕੀਤੀ ਜਾ ਰਹੀ ਸੀ, ਉੱਥੇ ਕਾਂਗਰਸ ਪਾਰਟੀ ਵਲੋਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਆਪਣੇ ਉਮੀਦਵਾਰਾਂ ਦੀ ਹਮਾਇਤ ਕਰ ਰਹੇ ਸਨ | ਭਾਵੇਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ 2 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਉਸ ਪਿੱਛੇ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਦੀ ਦਿਨ ਰਾਤ ਕੀਤੀ ਮਿਹਨਤ ਰੰਗ ਲਿਆਈ ਹੈ | ਦੂਜੇ ਪਾਸੇ 2027 'ਚ ਪੰਜਾਬ ਅੰਦਰ ਸਰਕਾਰ ਬਣਾਉਣ ਦੇ ਦਮਗਜੇ ਮਾਰਨ ਵਾਲੀ ਭਾਜਪਾ ਨੂੰ ਸ਼ਹਿਰ ਵਿੱਚ ਨਮੋਸ਼ੀ ਭਰੀ ਹਾਰ ਝੱਲਣੀ ਪਈ ਜਿੱਥੇ ਭਾਜਪਾ ਦੀ ਅਗਵਾਈ ਕਰ ਰਹੇ ਸੂਬਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਨੂੰ ਆਪਣੇ ਸ਼ਹਿਰ ਦੇ 10 ਵਾਰਡਾਂ 'ਚੋਂ ਸਿਰਫ਼ 159 ਵੋਟਾਂ ਹੀ ਮਿਲੀਆਂ ਹਨ | ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਪਾਇਲ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਕਿਸੇ ਵੀ ਪਾਰਟੀ ਕੋਲ ਬਹੁਮਤ ਨਹੀ ਹੈ, ਹੁਣ ਕਿਹੜਾ ਕਿਸ ਨਾਲ ਸਮਝੌਤਾ ਕਰਕੇ ਪ੍ਰਧਾਨਗੀ ਦੀ ਕੁਰਸੀ 'ਤੇ ਬੈਠੇਗਾ, ਭਵਿੱਖ ਵਿੱਚ ਕੁੱਝ ਕਹਿਣਾ ਠੀਕ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |